Indian Army starts Operation Namaste: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਵਿਚਾਲੇ ਭਾਰਤੀ ਫੌਜ ਵੱਲੋਂ ਮੈਦਾਨ ਵਿੱਚ ਉਤਰਨ ਦੀ ਤਿਆਰੀ ਕੀਤੀ ਜਾ ਰਹੀ ਹੈ । ਦਰਅਸਲ, ਭਾਰਤੀ ਫੌਜ ਨੇ ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਨਾਲ ਲੜਨ ਲਈ ‘ਆਪ੍ਰੇਸ਼ਨ ਨਮਸਤੇ’ ਦੀ ਸ਼ੁਰੂਆਤ ਕੀਤੀ ਹੈ । ਜਿਸ ਬਾਰੇ ਆਰਮੀ ਚੀਫ ਐਮਐਮ ਨਰਵਾਣੇ ਨੇ ਖ਼ੁਦ ਜਾਣਕਾਰੀ ਦਿੱਤੀ ਹੈ । ਸੈਨਾ ਨੇ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਲੜਨ ਲਈ ਕੁੱਲ ਅੱਠ ਕੁਆਰੰਟੀਨ ਸੈਂਟਰ ਸਥਾਪਤ ਕੀਤੇ ਹਨ ।
ਆਪ੍ਰੇਸ਼ਨ ਨਮਸਤੇ ਦਾ ਐਲਾਨ ਕਰਦਿਆਂ ਫੌਜ ਦੇ ਮੁਖੀ ਐਮਐਮ ਨਰਵਾਣੇ ਨੇ ਕਿਹਾ ਕਿ ਸੈਨਾ ਨੇ ਪਿਛਲੇ ਸਮੇਂ ਦੀਆਂ ਸਾਰੀਆਂ ਕਾਰਵਾਈਆਂ ਨੂੰ ਸਫ਼ਲਤਾਪੂਰਵਕ ਅੰਜਾਮ ਦਿੱਤਾ ਹੈ ਤੇ ਆਪ੍ਰੇਸ਼ਨ ਨਮਸਤੇ ਨੂੰ ਵੀ ਸਫ਼ਲਤਾਪੂਰਵਕ ਚਲਾਇਆ ਜਾਵੇਗਾ । ਦੱਸ ਦੇਈਏ ਕਿ ਸੈਨਾ ਨੇ ਦੱਖਣੀ-ਪੂਰਬੀ ਕਮਾਂਡ, ਪੂਰਬੀ ਕਮਾਂਡ, ਪੱਛਮੀ ਕਮਾਂਡ, ਕੇਂਦਰੀ ਕਮਾਂਡ, ਉੱਤਰੀ ਕਮਾਂਡ, ਦੱਖਣੀ ਪੱਛਮੀ ਕਮਾਂਡ ਅਤੇ ਦਿੱਲੀ ਹੈੱਡਕੁਆਰਟਰ ਵਿਖੇ ਕੋਰੋਨਾ ਹੈਲਪ ਲਾਈਨ ਸੈਂਟਰ ਬਣਾਇਆ ਹੈ ਅਤੇ ਇਹ ਨੰਬਰ ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ ਹੈ । ਇਸ ਰਾਹੀਂ ਕੋਰੋਨਾ ਵਾਇਰਸ ਨਾਲ ਜੂਝ ਰਹੇ ਲੋਕਾਂ ਦੀ ਮਦਦ ਕੀਤੀ ਜਾਵੇਗੀ.
ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ 724 ਤੱਕ ਪਹੁੰਚ ਗਈ ਹੈ । ਇਸ ਵਿੱਚੋਂ 17 ਦੀ ਮੌਤ ਹੋ ਚੁੱਕੀ ਹੈ, ਜਦਕਿ 66 ਲੋਕਾਂ ਦਾ ਇਲਾਜ ਕੀਤਾ ਗਿਆ ਹੈ । ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਮਹਾਰਾਸ਼ਟਰ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਗੁਜਰਾਤ ਵਿੱਚ ਵੀ ਇਸ ਕੋਰੋਨਾ ਵਾਇਰਸ ਕਾਰਨ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ । ਉੱਥੇ ਹੀ ਕਰਨਾਟਕ ਵਿੱਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਮੱਧ ਪ੍ਰਦੇਸ਼, ਤਾਮਿਲਨਾਡੂ, ਬਿਹਾਰ, ਪੰਜਾਬ, ਦਿੱਲੀ, ਪੱਛਮੀ ਬੰਗਾਲ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ।