Uddhav Thackeray oath ceremony: ਮਹਾਂਰਾਸ਼ਟਰ: ਐਨਸੀਪੀ, ਸ਼ਿਵ ਸੈਨਾ ਤੇ ਕਾਂਗਰਸ ਦੀ ਬੈਠਕ ‘ਚ ਉਧਵ ਠਾਕਰੇ ਨੂੰ ਨੇਤਾ ਚੁਣ ਲਿਆ ਗਿਆ ਹੈ । ਐਨਸੀਪੀ, ਸ਼ਿਵ ਸੈਨਾ ਨੇਤਾ ਏਕਨਾਥ ਸ਼ਿੰਦੇ ਵੱਲੋਂ ਉਧਵ ਠਾਕਰੇ ਦੇ ਨਾਮ ਦੀ ਤਜਵੀਜ਼ ਰੱਖੀ ਗਈ । ਜਿਸ ਤੋਂ ਬਾਅਦ ਹੁਣ ਉਧਵ ਠਾਕਰੇ 1 ਦਸੰਬਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ । ਇਸ ਸਬੰਧੀ ਸ਼ਿਵ ਸੈਨਾ ਦੇ ਇੱਕ ਨੇਤਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰਾਜਪਾਲ ਸਾਹਮਣੇ ਸਰਕਾਰ ਗਠਨ ਦੇ ਦਾਅਵੇ ਲਈ ਸੰਯੁਕਤ ਬਿਆਨ ਪੇਸ਼ ਕੀਤਾ ਜਾ ਰਿਹਾ ਹੈ ।
ਦਰਅਸਲ, ਉਧਵ ਠਾਕਰੇ ਵੱਲੋਂ ਪਹਿਲੀ ਦਸੰਬਰ ਨੂੰ ਮਹਾਂਰਾਸ਼ਟਰ ਵਿੱਚ ਸਹੁੰ ਚੁੱਕੀ ਜਾਵੇਗੀ । ਇਹ ਸਹੁੰ ਚੁੱਕ ਸਮਾਗਮ ਐਤਵਾਰ ਸ਼ਾਮ ਪੰਜ ਵਜੇ ਮੁੰਬਈ ਦੇ ਸ਼ਿਵਾਜੀ ਪਾਰਕ ਵਿਖੇ ਹੋਵੇਗਾ । ਇਸ ਮਾਮਲੇ ਵਿੱਚ ਨੇਤਾ ਚੁਣੇ ਜਾਣ ਤੋਂ ਬਾਅਦ ਠਾਕਰੇ ਨੇ ਕਿਹਾ ਕਿ ਅਸੀਂ ਇਕ ਪਰਿਵਾਰ ਵਾਂਗ ਮਿਲ ਕੇ ਕੰਮ ਕਰਾਂਗੇ ।
ਉੱਥੇ ਹੀ ਉਧਵ ਠਾਕਰੇ ਨੇ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਅਜਿਹਾ ਸਮਾਂ ਆਵੇਗਾ । ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਸੋਨੀਆ ਗਾਂਧੀ ਦਾ ਧੰਨਵਾਦ ਕੀਤਾ ਗਿਆ । ਉਨ੍ਹਾਂ ਕਿਹਾ ਕਿ ਉਹ ਇਕ ਦੂਜੇ ‘ਤੇ ਭਰੋਸਾ ਕਰਕੇ ਇਕੱਠੇ ਹੋਏ ਹਨ ।
ਦੱਸ ਦੇਈਏ ਕਿ ਮੰਗਲਵਾਰ ਨੂੰ ਮਹਾਂਰਾਸ਼ਟਰ ਕਾਂਗਰਸ, ਰਾਸ਼ਟਰਵਾਦੀ ਕਾਂਗਰਸ ਪਾਰਟੀ ਤੇ ਸ਼ਿਵ ਸੈਨਾ ਵਿਧਾਇਕ ਦਲ ਦੀ ਬੈਠਕ ਵਿੱਚ ਸ਼ਿਵ ਸੈਨਾ ਮੁਖੀ ਉਧਵ ਠਾਕਰੇ ਨੂੰ ਨਵਗਠਿਤ ਮਹਾਂਰਾਸ਼ਟਰ ਵਿਕਾਸ ਅਘਾੜੀ ਦਾ ਨੇਤਾ ਚੁਣ ਲਿਆ ਗਿਆ, ਜਿਸ ਤੋਂ ਬਾਅਦ ਹੁਣ ਉਹ ਸੂਬੇ ਦੇ ਅਗਲੇ ਮੁੱਖ ਮੰਤਰੀ ਹੋਣਗੇ । ਤਿੰਨ ਪਾਰਟੀਆਂ ਵੱਲੋਂ ਕੀਤੀ ਗਈ ਬੈਠਕ ਵਿੱਚ ਰਾਕਾਂਪਾ ਨੇਤਾ ਸ਼ਰਦ ਪਵਾਰ ਤੋਂ ਇਲਾਵਾ ਸੁਪਰੀਆ ਸੁਲੇ, ਪ੍ਰਫੁੱਲ ਪਟੇਲ, ਕਾਂਗਰਸ ਪਾਰਟੀ ਦੇ ਬਾਲਾ ਸਾਹਿਬ ਥੋਰਾਟ, ਅਸ਼ੋਕ ਚੋਹਾਣ ਅਤੇ ਕਈ ਹੋਰ ਨੇਤਾ ਮੌਜੂਦ ਸਨ ।