US General Statement Terrorist Organization Islamic : ਵਾਸ਼ਿੰਗਟਨ: ਅਮਰੀਕਾ ਦੇ ਇੱਕ ਸੀਨੀਅਰ ਜਨਰਲ ਨੇ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਹਾਲੇ ਵੀ ਖਤਰਨਾਕ ਬਣਿਆ ਹੋਇਆ ਹੈ । ਇਸਲਾਮਿਕ ਸਟੇਟ ਅਮਰੀਕੀ ਹਮਲੇ ਵਿਚ ਮਾਰੇ ਗਏ ਆਪਣੇ ਨੇਤਾ ਅਬੁ ਬਕਰ ਅਲ ਬਗਦਾਦੀ ਦੀ ਮੌਤ ਦਾ ਬਦਲਾ ਲੈਣ ਲਈ ਉਨ੍ਹਾਂ ‘ਤੇ ਕਦੀ ਵੀ ਹਮਲਾ ਕਰ ਸਕਦਾ ਹੈ । ਇਸ ਮਾਮਲੇ ਸਬੰਧੀ ਪੇਂਟਾਗਨ ਵੱਲੋਂ ਇਸਲਾਮਿਕ ਸਟੇਟ ਦੇ ਮੁਖੀ ਅਬੁ ਬਕਰ ਅਲ ਬਗਦਾਦੀ ਤੇ ਉੱਤਰੀ-ਪੱਛਮੀ ਸੀਰੀਆ ਵਿੱਚ ਅਮਰੀਕੀ ਬਲਾਂ ਦੇ ਹਮਲੇ ਨਾਲ ਜੁੜੇ ਛੋਟੇ ਵੀਡੀਓ ਜਾਰੀ ਕੀਤੇ ਗਏ ਹਨ ।
ਇਸ ਮਾਮਲੇ ਵਿੱਚ ਅਮਰੀਕਾ ਦੀ ਕੇਂਦਰੀ ਕਮਾਂਡ ਦੇ ਕਮਾਂਡਰ ਜਨਰਲ ਕੈਨੇਥ ਮੈਕੈਂਜ਼ੀ ਨੇ ਵੀਡੀਓ ਜਾਰੀ ਹੋਣ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅੱਤਵਾਦੀ ਸੰਗਠਨ ਦੀ ਲੀਡਰਸ਼ਿਪ ਵੰਡੀ ਹੋਈ ਹੋ ਸਕਦੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਖਤਰਾ ਨਹੀਂ ਹੈ ।
ਉਨ੍ਹਾਂ ਕਿਹਾ ਕਿ ISIS ਇੱਕ ਵਿਚਾਰਧਾਰਾ ਹੈ, ਜੋ ਬਗਦਾਦੀ ਦੀ ਮੌਤ ਨਾਲ ਖਤਮ ਨਹੀਂ ਹੋ ਸਕਦੀ । ਉਨ੍ਹਾਂ ਵੱਲੋਂ ਖਦਸ਼ਾ ਜਤਾਉਂਦੇ ਹੋਏ ਕਿਹਾ ਗਿਆ ਕਿ ਉਹ ਬਦਲਾ ਲੈਣ ਲਈ ਕਿਸੇ ਤਰ੍ਹਾਂ ਦਾ ਹਮਲਾ ਕਰ ਸਕਦੇ ਹਨ, ਜਿਸ ਲਈ ਉਹ ਪੂਰੀ ਤਰ੍ਹਾਂ ਤਿਆਰ ਹਨ ।
ਮੈਕੈਂਜ਼ੀ ਨੇ ਕਿਹਾ ਕਿ ISIS ਅਤੇ ਉਸ ਵਰਗੀਆਂ ਕਈ ਹੋਰ ਸੰਸਥਾਵਾਂ ਵਿਰੁੱਧ ਅਮਰੀਕਾ ਦੀ ਲੰਬੇ ਮਿਆਦ ਦੀ ਸਫਲਤਾ ਦੀ ਪਰਿਭਾਸ਼ਾ ਇਹ ਨਹੀਂ ਹੈ ਕਿ ਉਸ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ ਜਾਵੇ ਸਗੋਂ ਉਸਨੂੰ ਅਜਿਹੇ ਪੱਧਰ ਤੱਕ ਪਹੁੰਚਾਇਆ ਜਾਵੇ ਕਿ ਇਹ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਹੋਣ, ਉੱਥੋਂ ਦੇ ਸਥਾਨਕ ਸੁਰੱਖਿਆ ਬਲ ਇਨ੍ਹਾਂ ਨਾਲ ਨਜਿੱਠ ਸਕਣ ।