ਨਵੀਂ ਦਿੱਲੀ-ਬਿਹਾਰ ’ਚ ਇਸੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਕੇਂਦਰੀ ਬਜਟ ’ਚ ਸੂਬੇ ਨੂੰ ਕਈ ਸੁਗਾਤਾਂ ਦਿੱਤੀਆਂ ਗਈਆਂ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਪੇਸ਼ ਕੀਤੇ ਆਮ ਬਜਟ ’ਚ ਬਿਹਾਰ ’ਚ ਮਖਾਣਾ ਬੋਰਡ ਦੀ ਸਥਾਪਨਾ, ਪੱਛਮੀ ਕੋਸੀ ਨਹਿਰ ਲਈ ਵਿੱਤੀ ਮਦਦ ਤੇ ਆਈਆਈਟੀ ਪਟਨਾ ਦਾ ਸਮਰੱਥਾ ਵਧਾਉਣ ਸਣੇ ਕਈ ਐਲਾਨ ਕਰਦਿਆਂ ਸੂਬੇ ਨੂੰ ਵਿਸ਼ੇਸ਼ ਤਵੱਜੋ ਦਿੱਤੀ। ਬਿਹਾਰ ’ਚ ਇਸ ਸਾਲ ਦੇ ਅੰਤ ’ਚ ਅਸੈਂਬਲੀ ਚੋਣਾਂ ਹੋਣੀਆਂ ਹਨ, ਜਿੱਥੇ ਮੌਜੂਦਾ ਸਮੇਂ ਜਨਤਾ ਦਲ (ਯੂ) ਆਗੂ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੀ ਸਰਕਾਰ ਹੈ। ਲੋਕ ਸਭਾ ’ਚ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਨੇ ਇਹ ਐਲਾਨ ਵੀ ਕੀਤਾ ਕਿ ਕੇਂਦਰ ਵੱਲੋਂ ਭਵਿੱਖੀ ਲੋੜਾਂ ਪੂਰੀਆਂ ਕਰਨ ਲਈ ‘ਪੂਰਬ ਉਦੈ’ ਤਹਿਤ ਬਿਹਾਰ ’ਚ ਗਰੀਨਫੀਲਡ ਹਵਾਈ ਅੱਡੇ ਦੇ ਨਿਰਮਾਣ ਤੋਂ ਇਲਾਵਾ ਸੂਬੇ ’ਚ ਇੱਕ ਕੌਮੀ ਖੁਰਾਕ ਤਕਨਾਲੋਜੀ, ਐਂਟਪ੍ਰੀਨਿਓਰਸ਼ਿਪ ਅਤੇ ਮੈਨਜਮੈਂਟ ਕੇਂਦਰ ਦੀ ਸਥਾਪਤ ਕੀਤਾ ਜਾਵੇਗਾ।
ਸੂਬੇੇ ’ਚ ਮਖਾਣਾ ਬੋਰਡ ਸਥਾਪਤ ਕਰਨ ਦਾ ਐਲਾਨ ਕਰਦਿਆਂ ਸੀਤਾਰਮਨ ਨੇ ਕਿਹਾ, ‘‘ਬਿਹਾਰ ਦੇ ਲੋਕਾਂ ਲਈ ਇੱਕ ਖਾਸ ਮੌਕਾ ਹੈ। ਸੂਬੇ ’ਚ ਮਖਾਣਿਆਂ ਦੇ ਉਤਪਾਦਨ, ਪ੍ਰੋਸੈਸਿੰਗ, ਮੁੱਲ ’ਚ ਵਾਧੇ ਤੇ ਮਾਰਕੀਟਿੰਗ ’ਚ ਸੁਧਾਰ ਲਈ ਮਖਾਣਾ ਬੋਰਡ ਸਥਾਪਤ ਕੀਤਾ ਜਾਵੇਗਾ। ਇਹ ਬੋਰਡ ਮਖਾਣਾ ਉਤਪਾਦਕ ਕਿਸਾਨਾਂ ਨੂੰ ਸਮਰਥਨ ਤੇ ਸਿਖਲਾਈ ਸਹਾਇਤਾ ਪ੍ਰਦਾਨ ਕਰੇਗਾ।’’ ਸੀਤਾਰਮਨ ਨੇ ਕਿਹਾ ਕਿ ‘ਪੂਰਬ ਉਦੈ’ ਪ੍ਰਤੀ ਸਰਕਾਰ ਦੀ ਵਚਨਬੱਧਤਾ ਤਹਿਤ ਬਿਹਾਰ ’ਚ ਕੌਮੀ ਖੁਰਾਕ ਤਕਨਾਲੋਜੀ, ਐਂਟਪ੍ਰੀਨਿਓਰਸ਼ਿਪ ਅਤੇ ਮੈਨਜਮੈਂਟ ਕੇਂਦਰ ਦੀ ਸਥਾਪਤੀ ਨਾਲ ਸਾਰੇ ਪੂਰਬੀ ਰਾਜਾਂ ’ਚ ਫੂਡ ਪ੍ਰੋਸੈਸਿੰਗ ਸਗਰਮੀਆਂ ਨੂੰ ਮਜ਼ਬੂਤੀ ਮਿਲੇਗੀ। ਗਰੀਨਫੀਲਡ ਹਵਾਈ ਅੱਡੇ ਦੀ ਸਹੂਲਤ ਸੂਬੇ ਦੀਆਂ ਭਵਿੱਖ ਲੋੜਾਂ ਨੂੰ ਪੂਰਾ ਕਰੇਗੀ ਜਦਕਿ ਪੱਛਮੀ ਕੋਸੀ ਨਹਿਰ ਪ੍ਰਾਜੈਕਟ ਲਈ ਵਿੱਤੀ ਸਹਾਇਤਾ ਨਾਲ ਬਿਹਾਰ ਦੇ ਮਿਥਿਲਾਂਚਲ ਖੇਤਰ ’ਚ 50,000 ਹੈਕਟੇਅਰ ਤੋਂ ਵੱਧ ਜ਼ਮੀਨ ’ਤੇ ਵੱਡੀ ਗਿਣਤੀ ’ਚ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਲਾਭ ਹੋਵੇਗਾ। ਇਸ ਤੋਂ ਇਲਾਵਾ ਕੇਂਦਰ ਵੱਲੋਂ ਪੰਜ ਆਈਆਈਟੀਜ਼ ’ਚ ਵਾਧੂ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਵੇਗਾ।