ਨਵੀਂ ਦਿੱਲੀ: ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੀਆਂ ‘ਪਿਛਾਖੜੀ ਨੀਤੀਆਂ’ ਨੇ ਭਾਰਤ ਵਿੱਚ ਨਿਵੇਸ਼ਕਾਂ ਦਾ ਭਰੋਸਾ ਤੋੜ ਦਿੱਤਾ ਹੈ ਅਤੇ ‘ਕਾਰੋਬਾਰ ਕਰਨ ਦੀ ਸੌਖ’ (ਈਜ਼ ਆਫ ਡੂਇੰਗ ਬਿਜ਼ਨਸ) ਨੂੰ ‘ਵਪਾਰ ਕਰਨ ’ਚ ਮੁਸ਼ਕਲ’ (ਅਨਈਜ਼ ਆਫ ਡੂਇੰਗ ਬਿਜ਼ਨਸ) ਵਿੱਚ ਬਦਲ ਦਿੱਤਾ ਹੈ। ਕੇਂਦਰੀ ਬਜਟ ਤੋਂ ਪਹਿਲਾਂ ਵਿਰੋਧੀ ਧਿਰ ਨੇ ਕਿਹਾ ਕਿ ਇਸ ਨੂੰ ਠੀਕ ਕਰਨ ਲਈ ਅਗਾਮੀ ਬਜਟ ਵਿੱਚ ‘ਛਾਪੇਮਾਰੀ ਰਾਜ’ ਅਤੇ ‘ਟੈਕਸ ਅਤਿਵਾਦ’ ਖ਼ਤਮ ਕਰਨ ਹੋਵੇਗਾ। ਕਾਂਗਰਸ ਨੇ ਸਰਕਾਰ ਤੋਂ ਭਾਰਤੀ ਮੈਨੂਫੈਕਚਰਿੰਗ ਨੌਕਰੀਆਂ ਦੀ ਰੱਖਿਆ ਵਾਸਤੇ ਕਦਮ ਚੁੱਕਣ ਅਤੇ ਮਜ਼ਦੂਰੀ ਤੇ ਕਿਰਤ ਸ਼ਕਤੀ ਨੂੰ ਵਧਾਉਣ ਲਈ ਫ਼ੈਸਲਾਕੁਨ ਕਾਰਵਾਈ ਕਰਨ ਦਾ ਵੀ ਸੱਦਾ ਦਿੱਤਾ। ਕਾਂਗਰਸ ਜਨਰਲ ਸਕੱਤਰ (ਸੰਚਾਰ ਇੰਚਾਰਜ) ਜੈਰਾਮ ਰਮੇਸ਼ ਨੇ ਕਿਹਾ ਕਿ ਮੋਦੀ ਸਰਕਾਰ ਲੰਮੇ ਸਮੇਂ ਤੋਂ ਭਾਰਤ ਵਿੱਚ ‘ਵਪਾਰ ਕਰਨ ਵਿੱਚ ਸੌਖ’ ਵਿੱਚ ਸੁਧਾਰ ਕਰਨ ਦੀ ਇੱਛਾ ਸਬੰਧੀ ਢਿੰਡੋਰਾ ਪਿੱਟਦੀ ਰਹੀ ਪਰ ਪਿਛਲੇ ਇੱਕ ਦਹਾਕੇ ਵਿੱਚ ਨਿੱਜੀ ਨਿਵੇਸ਼ ਵਿੱਚ ਨਿਘਾਰ ਹੀ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਨਿੱਜੀ ਨਿਵੇਸ਼ ਰਿਕਾਰਡ ਹੇਠਲੇ ਪੱਧਰ ’ਤੇ ਆ ਗਿਆ ਹੈ ਅਤੇ ਵੱਡੀ ਗਿਣਤੀ ਵਿੱਚ ਉਦਯੋਗਪਤੀ ਭਾਰਤ ਛੱਡ ਕੇ ਵਿਦੇਸ਼ ਚਲੇ ਗਏ ਹਨ।
previous post