ਨਵੀਂ ਦਿੱਲੀ: ਫੇਮਸ ਹੋਟਲ ਬਿਜਨਸਮੈਨ ਕੁਲਵੰਤ ਸਿੰਘ ਕੋਹਲੀ ਜਿਨ੍ਹਾਂ ਨੇ 1960 ‘ਚ ਮੁੰਬਈ ਦੇ ਲੋਕਾਂ ਨੂੰ ‘ਬਟਰ ਚਿਕਨ’ ਦਾ ਸੁਆਦ ਚਖਾਇਆ ਤੇ ਪ੍ਰੀਤਮ ਗਰੁੱਪ ਆਫ਼ ਹੋਟਲਸ ਦੇ ਮੁਖੀ ਨੇ ਆਪਣੇ ਆਖਰੀ ਸਾਹ ਲਏ। ਇੱਕ ਲੰਬੀ ਬਿਮਾਰੀ ਤੋਂ ਬਾਅਦ ਕੇਐਸ ਕੋਹਲੀ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਉਹ 85 ਸਾਲ ਦੇ ਸੀ ਤੇ ਬੁੱਧਵਾਰ ਦੇਰ ਰਾਤ ਕੋਹਲੀ ਨੇ ਮੁੰਬਈ ਦੇ ਹਿੰਦੂਜਾ ਹਸਪਤਾਲ ‘ਚ ਦਮ ਤੋੜ ਦਿੱਤਾ। ਉਹ ਹਸਪਤਾਲ ‘ਚ ਪਿਛਲੇ ਪੰਜ ਦਿਨਾਂ ਤੋਂ ਜ਼ੇਰੇ ਇਲਾਜ ਸੀ। ਉਨ੍ਹਾਂ ਦੇ ਪਰਿਵਾਰ ‘ਚ ਪਤਨੀ ਮਹਿੰਦਰ ਕੌਰ, ਬੇਟੇ ਅਮਰਦੀਪ ਤੇ ਗੁਰਬਖਸ਼ ਤੇ ਧੀ ਜਸਦੀਪ ਕੌਰ ਹਨ।
ਕੁਲਵੰਤ ਸਿੰਘ ਕੋਹਲੀ ਦਾ ਸਸਕਾਰ ਸ਼ਾਮ ਨੂੰ ਸ਼ਿਵਾਜੀ ਪਾਰਕ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਮਹਾਰਾਸ਼ਟਰ ਦੇ ਰਾਜਪਾਲ ਸੀ. ਰਾਓ ਨੇ ਵੀ ਕੋਹਲੀ ਦੀ ਮੌਤ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰਾਓ ਨੇ ਕਿਹਾ, “ਉਹ ਇੱਕ ਜੀਵੰਤ ਖੁਸ਼ਮਿਜਾਜ਼ ਤੇ ਸਫਲ ਕਾਰੋਬਾਰੀ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਹਲੀ ਸੂਬੇ ਦੇ ਸਮਾਜਿਕ–ਸੱਭਿਆਚਾਰਕ ਤੇ ਆਰਥਕ ਵਿਕਾਸ ਦੇ ਗਵਾਹ ਰਹੇ ਹਨ।”
ਉਨ੍ਹਾਂ ਨੇ ਸ਼ਹਿਰ ਦੇ ਸਿੱਖ ਭਾਈਚਾਰੇ ਵੱਲੋਂ ਕਰਵਾਏ ਸਮਾਜਕ ਤੇ ਧਾਰਮਿਕ ਸਮਾਗਮਾਂ ਵਿੱਚ ਕੋਹਲੀ ਦੀਆਂ ਸੇਵਾਵਾਂ ਨੂੰ ਯਾਦ ਕੀਤਾ। ਰਾਓ ਨੇ ਕਿਹਾ, “ਉਹ ਸਮਾਜ ਦਾ ਮਾਣ ਸੀ, ਉਨ੍ਹਾਂ ਦਾ ਸਮਾਜਿਕ ਕਾਰਜ ਬਹੁਤ ਵਿਸ਼ਾਲ ਸੀ ਤੇ ਉਨ੍ਹਾਂ ਦੇ ਜਾਣ ਨਾਲ ਮੁੰਬਈ ਨੇ ਪ੍ਰਸਿੱਧ ਸਮਾਜ ਰਤਨ ਗਵਾਇਆ ਹੈ।“