ਬਟਾਲਾ- ਵਿਦੇਸ਼ ਬੈਠੇ ਗੈਂਗਸਟਰ ਹੈਪੀ ਪਾਸੀਆ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਕਿਲਾ ਲਾਲ ਸਿੰਘ ਪੁਲੀਸ ਥਾਣੇ ‘ਤੇ ਅੱਜ ਸਵੇਰੇ ਰਾਕੇਟ ਲਾਂਚਰ ਨਾਲ ਹਮਲਾ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਸੀਨੀਅਰ ਪੁਲੀਸ ਅਧਿਕਾਰੀਆਂ ਨੇ ਹਾਲਾਂਕਿ ਗੈੈਂਗਸਟਰ ਦੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
ਐੱਸਐੱਸਪੀ ਸੁਹੇਲ ਕਾਸਿਮ ਮੀਰ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 3 ਵਜੇ ਦੇ ਕਰੀਬ ਇੱਕ ਫੋਨ ਆਇਆ ਕਿ ਪੁਲੀਸ ਥਾਣੇ ’ਤੇ ਹਮਲਾ ਹੋਇਆ ਹੈ। ਉਨ੍ਹਾਂ ਕਿਹਾ, ‘‘ਮੈਂ ਘਟਨਾ ਦੀ ਜਾਂਚ ਲਈ ਫੌਰੀ ਡੀਐੱਸਪੀ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਿੱਚ ਇੱਕ ਟੀਮ ਭੇਜੀ। ਹਾਲਾਂਕਿ, ਟੀਮ ਨੇ ਮੈਨੂੰ ਦੱਸਿਆ ਕਿ ਅਜਿਹਾ ਕੁਝ ਨਹੀਂ ਹੋਇਆ ਹੈ। ਉਪਰੰਤ ਵਿਆਪਕ ਮੁਹਿੰਮ ਦਾ ਆਦੇਸ਼ ਦਿੱਤਾ ਪਰ ਫਿਰ ਵੀ ਸਾਨੂੰ ਕੁਝ ਨਹੀਂ ਮਿਲਿਆ। ਅਸੀਂ ਇਹਤਿਆਤ ਵਜੋਂ ਪੁਲੀਸ ਥਾਣੇ ਵਿੱਚ ਇੱਕ ਐੱਫਆਈਆਰ ਦਰਜ ਕਰਵਾਈ ਹੈ।’’
ਐੱਸਐੱਸਪੀ ਬਟਾਲਾ ਸੁਹੇਲ ਕਾਸਿਮ ਮੀਰ ਨੇ ਕਿਹਾ ਕਿ ਇਸ ਸਬੰਧੀ ਸੂਚਨਾ ਮਿਲਦਿਆਂ ਹੀ ਟੀਮਾਂ ਮੌਕੇ ’ਤੇ ਭੇਜ ਥਾਣਾ ਕਿਲਾ ਲਾਲ ਸਿੰਘ ਦੀ ਇਮਾਰਤ ਅਤੇ ਆਲੇ-ਦੁਆਲੇ ਦੀ ਜਾਂਚ ਕੀਤੀ ਗਈ ਜਿੱਥੋਂ ਧਮਾਕੇ ਦਾ ਕੋਈ ਨਿਸ਼ਾਨ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅਮਰੀਕਾ ਆਧਾਰਿਤ ਹੈਪੀ ਪਾਸੀਆ ਨਾਂ ਦੇ ਇੱਕ ਅਤਿਵਾਦੀ ਨੇ ਧਮਾਕੇ ਦੀ ਜਿੰਮੇਵਾਰੀ ਸੋਸ਼ਲ ਮੀਡੀਆ ’ਤੇ ਕਬੂਲ ਕੀਤੀ ਹੈ ਜਿਸ ਤੋਂ ਬਾਅਦ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਫਿਲਾਹਾਲ ਆਲੇ-ਦੁਆਲੇ ਦੇ ਖੇਤਰ ਦੀ ਜਾਂਚ ਕਰ ਰਹੀ ਹੈ। ਦੂਸਰੇ ਪਾਸੇ ਅਤੀ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲੀਸ ਨੂੰ ਰਾਕੇਟ ਲਾਂਚਰ ਦੇ ਧਮਾਕੇ ਦੇ ਸੁਰਾਗ ਮਿਲ ਚੁੱਕੇ ਹਨ ਅਤੇ ਥਾਣੇ ਦੇ ਨੇੜਿਉਂ ਹੀ ਇਕ ਚੱਲਿਆ ਹੋਇਆ ਰਾਕੇਟ ਵੀ ਮਿਲਿਆ ਹੈ।