ਚੰਡੀਗੜ੍ਹ: ਬਠਿੰਡਾ ਅਦਾਲਤ ਨੇ ਕਾਂਗਰਸ ਦੀ ਕਰਾਜਕਾਰੀ ਪ੍ਰਧਾਨ ਸੋਨੀਆ ਗਾਂਧੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਸੰਮਨ ਜਾਰੀ ਕੀਤਾ ਹੈ। ਮਾਮਲਾ ਸਿਵਲ ਲਾਈਨ ਕਲੱਬ ਵਿੱਚ ਗੁਰੂ ਨਾਨਕ ਲਾਇਬ੍ਰੇਰੀ ਹਾਲ ਦੀ ਥਾਂ ਨਾਜਾਇਜ਼ ਤੌਰ ‘ਤੇ ਕਾਂਗਰਸ ਦੇ ਜ਼ੋਨਲ ਦਫ਼ਤਰ ਬਣਾਉਣ ਦੀ ਕੋਸ਼ਿਸ਼ ਨਾਲ ਸਬੰਧਤ ਹੈ। ਦੋਵਾਂ ਲੀਡਰਾਂ ਨੂੰ 6 ਸਤੰਬਰ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਇਸ ਸਬੰਧੀ ਜਗਜੀਤ ਸਿੰਘ ਧਾਲੀਵਾਲ ਤੇ ਸ਼ਿਵਦੇਵ ਸਿੰਘ ਨਾਂ ਦੇ ਵਿਅਕਤੀਆਂ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਹੈ।
ਬਠਿੰਡਾ ਦੇ ਸਿਵਲ ਲਾਈਨ ਕਲੱਬ ਵਿੱਚ ਬਣੀ ਗੁਰੂ ਨਾਨਕ ਦੇਵ ਲਾਇਬ੍ਰੇਰੀ 1971 ਵਿੱਚ ਬਣੀ ਸੀ। 1997 ਵਿੱਚ ਗੁਰੂ ਨਾਨਕ ਦੇਵ ਲਾਇਬ੍ਰੇਰੀ ਵੱਲੋਂ ਮਤਾ ਪਾ ਕੇ ਇਸ ਦੇ ਨਾਲ ਹੀ ਇੱਕ ਸਪੋਰਟਸ ਹਾਲ ਤੇ ਸਿਵਲ ਲਾਈਨ ਕਲੱਬ ਬਣਾਇਆ ਸੀ। ਗੁਰੂ ਨਾਨਕ ਦੇਵ ਲਾਇਬਰੇਰੀ ਤੇ ਸਿਵਲ ਲਾਈਨ ਕਲੱਬ ‘ਤੇ ਹੁਣ ਕੁਝ ਕਾਂਗਰਸੀਆਂ ਨੇ ਧੱਕੇ ਨਾਲ ਵੋਟਾਂ ਬਣਾ ਕੇ ਆਪਣਾ ਪ੍ਰਧਾਨ ਬਣਾਇਆ ਹੈ ਤੇ ਧੱਕੇ ਨਾਲ ਹੀ ਇਸ ਇਮਾਰਤ ‘ਤੇ ਕਬਜ਼ਾ ਕਰ ਲਿਆ।
ਹੁਣ ਕਾਂਗਰਸੀ ਚਾਹੁੰਦੇ ਹਨ ਕਿ ਗੁਰੂ ਨਾਨਕ ਦੇਵ ਲਾਇਬ੍ਰੇਰੀ ਦੀ ਇਮਾਰਤ ਨੂੰ ਬਾਹਰ ਕੀਤਾ ਜਾਵੇ ਜਿਸ ਵਿੱਚ ਧਾਰਮਿਕ ਕਿਤਾਬਾਂ ਤੇ ਗੁਰੂ ਨਾਨਕ ਦੇਵ ਜੀ ਦੀ ਫੋਟੋਆਂ ਪਈਆਂ ਹਨ। ਇਸ ਵਿੱਚ ਸਾਰੇ ਕਲੱਬ ਦੇ ਮੈਂਬਰ ਜਾਂਦੇ ਹਨ ਤੇ ਇਹ ਕਿਤਾਬਾਂ ਪੜ੍ਹਦੇ ਹਨ। ਜਾਣਕਾਰੀ ਮੁਤਾਬਕ ਇਸ ਜਗ੍ਹਾ ਉੱਤੇ ਕਾਂਗਰਸ ਪਾਰਟੀ ਦੇ ਦਫ਼ਤਰ ਬਣਾਉਣ ਲਈ ਦੋ ਤਾਰੀਖ਼ ਨੂੰ ਨੀਂਹ ਪੱਥਰ ਰੱਖਿਆ ਜਾਣਾ ਸੀ।
ਇਸ ਸਭ ਦੇ ਚੱਲਦੇ ਜਗਜੀਤ ਸਿੰਘ ਧਾਲੀਵਾਲ ਤੇ ਸ਼ਿਵਦੇਵ ਸਿੰਘ ਵੱਲੋਂ ਕਾਂਗਰਸੀ ਦਫ਼ਤਰ ਦੇ ਨਿਰਮਾਣ ਨੂੰ ਰੋਕਣ ਲਈ ਅਦਾਲਤ ਵਿੱਚ ਇੱਕ ਅਰਜ਼ਾ ਦਾਖਲ ਕੀਤੀ ਗਈ ਸੀ। ਅਦਾਲਤ ਵੱਲੋਂ ਬੀਤੇ ਕੱਲ੍ਹ ਸੋਨੀਆ ਗਾਂਧੀ ਤੇ ਸੁਨੀਲ ਜਾਖੜ ਸਮੇਤ ਕੁੱਲ 12 ਬੰਦਿਆਂ ਨੂੰ ਸੰਮਨ ਜਾਰੀ ਕੀਤੇ ਗਏ ਹਨ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ, ਉਦੋਂ ਤਕ ਉਹ ਡਟੇ ਰਹਿਣਗੇ ਤੇ ਲੋੜ ਪੈਣ ‘ਤੇ ਉਪਰਲੀ ਅਦਾਲਤ ਤੱਕ ਵੀ ਜਾਣਗੇ।