ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੋਈ ਮੁਲਾਜ਼ਮ ਕਿਸੇ ਸਥਾਨ ਵਿਸ਼ੇਸ਼ ’ਤੇ ਬਦਲੀ ਕਰਨ ਲਈ ਜ਼ੋਰ ਨਹੀਂ ਦੇ ਸਕਦਾ ਹੈ। ਨਿਯੁਕਤੀਕਰਤਾ ਨੂੰ ਆਪਣੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਮੁਲਾਜ਼ਮਾਂ ਦੀ ਬਦਲੀ ਕਰਨ ਦਾ ਅਧਿਕਾਰ ਹੈ। ਸਰਬਉੱਚ ਅਦਾਲਤ ਨੇ ਇਲਾਹਾਬਾਦ ਹਾਈ ਕੋਰਟ ਦੇ ਅਕਤੂਬਰ 2017 ਦੇ ਇਕ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਇਕ ਲੈਕਚਰਾਰ ਦੀ ਪਟੀਸ਼ਨ ਨੂੰ ਖਾਰਿਜ ਕਰਦੇ ਹੋਏ ਇਹ ਗੱਲ ਕਹੀ। ਸੁਪਰੀਮ ਕੋਰਟ ਨੇ ਅਮਰੋਹਾ ਤੋਂ ਗੌਤਮਬੁੱਧ ਨਗਰ ਟਰਾਂਸਫਰ ਕੀਤੇ ਜਾਣ ਲਈ ਸਬੰਧਤ ਅਥਾਰਟੀ ਵੱਲੋਂ ਉਸ ਦੀ ਅਪੀਲ ਨੂੰ ਖਾਰਿਜ ਕੀਤੇ ਜਾਣ ਦੇ ਖ਼ਿਲਾਫ਼ ਅਰਜ਼ੀ ਨੂੰ ਰੱਦ ਕਰ ਦਿੱਤਾ।
ਜਸਟਿਸ ਐੱਮਆਰ ਸ਼ਾਹ ਅਤੇ ਅਨਿਰੁੱਧ ਬੋਸ ਦੇ ਬੈਂਚ ਨੇ ਆਪਣੇ ਆਦੇਸ਼ ਵਿਚ ਕਿਹਾ ਕਿ ਮੁਲਾਜ਼ਮ ਕਿਸੇ ਸਥਾਨ ’ਤੇ ਬਦਲੀ ਕਰਨ ਜਾਂ ਨਾ ਕਰਨ ਲਈ ਜ਼ੋਰ ਨਹੀਂ ਦੇ ਸਕਦਾ। ਇਹ ਨਿਯੁਕਤੀਕਰਤਾ ’ਤੇ ਹੈ ਕਿ ਉਹ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਕਿਸੇ ਮੁਲਾਜ਼ਮ ਦਾ ਤਬਾਦਲਾ ਕਰੇ। ਅਮਰੋਹਾ ਜ਼ਿਲ੍ਹੇ ਵਿਚ ਕੰਮ ਕਰ ਰਹੀ ਲੈਕਚਰਾਰ ਨੇ ਹਾਈ ਕੋਰਟ ਵਿਚ ਦਾਖ਼ਲ ਆਪਣੀ ਪਟੀਸ਼ਨ ਵਿਚ ਕਿਹਾ ਸੀ ਕਿ ਉਨ੍ਹਾਂ ਨੇ ਗੌਤਮਬੁੱਧ ਨਗਰ ਦੇ ਇਕ ਕਾਲਜ ਵਿਚ ਬਦਲੀ ਕਰਨ ਦੀ ਅਪੀਲ ਕੀਤੀ, ਜਿਸ ਨੂੰ ਅਥਾਰਟੀ ਨੇ ਸਤੰਬਰ 2017 ਵਿਚ ਖਾਰਿਜ ਕਰ ਦਿੱਤਾ ਸੀ। ਮਹਿਲਾ ਦੇ ਵਕੀਲ ਨੇ 2017 ਵਿਚ ਹਾਈ ਕੋਰਟ ਵਿਚ ਦਲੀਲ ਦਿੱਤੀ ਸੀ ਕਿ ਉਹ ਪਿਛਲੇ ਚਾਰ ਸਾਲ ਤੋਂ ਅਮਰੋਹਾ ਵਿਚ ਕੰਮ ਕਰ ਰਹੀ ਹੈ ਅਤੇ ਸਰਕਾਰ ਦੀ ਨੀਤੀ ਦੇ ਮੁਤਾਬਕ ਉਸ ਨੂੰ ਟਰਾਂਸਫਰ ਦਾ ਅਧਿਕਾਰ ਹੈ। ਹਾਈ ਕੋਰਟ ਨੇ ਕਿਹਾ ਸੀ ਕਿ ਸਬੰਧਤ ਅਥਾਰਟੀ ਵੱਲੋਂ ਪਾਸ ਆਦੇਸ਼ ਤੋਂ ਪਤਾ ਲੱਗਦਾ ਹੈ ਕਿ ਲੈਕਚਰਾਰ ਗੌਤਮਬੁੱਧ ਨਗਰ ਦੇ ਇਕ ਕਾਲਜ ਵਿਚ ਦਸੰਬਰ 2000 ਵਿਚ ਆਪਣੀ ਸ਼ੁਰੂਆਤੀ ਨਿਯੁਕਤੀ ਤੋਂ ਲੈ ਕੇ ਅਗਸਤ 2013 ਤਕ 13 ਸਾਲ ਸੇਵਾ ਵਿਚ ਰਹੀ। ਇਸ ਲਈ ਉਸੇ ਕਾਲਜ ਵਿਚ ਫਿਰ ਭੇਜਣ ਦੀ ਉਸ ਦੀ ਅਪੀਲ ਵਾਜਬ ਨਹੀਂ ਹੈ।