ਨਵੀਂ ਦਿੱਲੀ: ਉੱਤਰਾਖੰਡ ‘ਚ ਬਾਰਸ਼ ਦਾ ਕਹਿਰ ਜਾਰੀ ਹੈ। ਸੂਬੇ ਦੇ ਚਮੋਲੀ ਜ਼ਿਲ੍ਹੇ ‘ਚ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਬੱਦਲ ਫਟਣ ਨਾਲ ਭਾਰੀ ਨੁਕਸਾਨ ਹੋਇਆ ਹੈ। ਐਤਵਾਰ ਰਾਤ ਚਮੋਲੀ ਜਨਪਦ ਦੇ ਘਾਟ ਬਲੌਕ ‘ਚ ਲਾਖੀ ਪਿੰਡ ‘ਚ ਬੱਦਲ ਫੱਟਣ ਨਾਲ ਇਹ ਘਟਨਾ ਵਾਪਰੀ, ਜਿਸ ‘ਚ 4 ਦੁਕਾਨਾਂ ਨਦੀ ‘ਚ ਵਹਿ ਗਈਆਂ। ਇਸ ਦੇ ਨਾਲ ਕਈ ਪਸ਼ੂ ਵੀ ਮੰਦਾਕਿਨੀ ਨਦੀ ‘ਚ ਵਹਿ ਗਏ।
ਇਸ ਘਟਨਾ ‘ਚ ਲਾਖੀ ਪਿੰਡ ‘ਚ ਰਹਿਣ ਵਾਲੇ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰ ਵੀ ਲਾਪਤਾ ਹੋ ਗਏ ਹਨ। ਉਨ੍ਹਾਂ ਦੀ ਭਾਲ ਜਾਰੀ ਹੈ, ਫਿਲਹਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਸੜਕਾਂ ਬੰਦ ਹੋਣ ਕਾਰਨ ਪ੍ਰਸਾਸ਼ਨ ਨੂੰ ਪਿੰਡ ‘ਚ ਮਦਦ ਪਹੁੰਚਾਉਣ ‘ਚ ਮੁਸ਼ਕਿਲ ਆ ਰਹੀ ਹੈ। ਇਸ ਵੇਲੇ ਚਮੋਲੀ ਦੀ ਸਾਰੀਆਂ ਨਦੀਆਂ ਉਫਾਨ ‘ਤੇ ਹਨ।ਇਸ ਘਟਨਾ ਤੋਂ ਬਾਅਦ ਪ੍ਰਸਾਸ਼ਨ ਨਦੀ ਦੇ ਨੇੜਲੇ ਹੋਰ ਲੋਕਾਂ ਦੇ ਘਰ ਖਾਲੀ ਕਰਵਾ ਰਿਹਾ ਹੈ। ਇਸ ਤੋਂ ਪਹਿਲਾਂ ਐਤਵਾਰ ਦੇਹਰਾਦੂਨ ਜ਼ਿਲ੍ਹੇ ‘ਚ ਸ਼ੂਟਿੰਗ ਰੇਂਜ ਦੇ ਨਾਲ ਇੱਕ ਨਦੀ ‘ਚ ਦੋ ਵਿਦਿਆਰਥੀ ਵਹਿ ਗਏ। ਇਸ ਘਟਨਾ ਤੋਂ ਬਾਅਦ ਅਫ਼ਰਾ-ਤਫ਼ਰੀ ਮੱਚ ਗਈ। ਉੱਤਰਾਖੰਡ ‘ਚ ਮੂਸਲਾਧਾਰ ਬਾਰਸ਼ ਕਰਕੇ ਲਗਾਤਾਰ ਪਹਾੜੀਆਂ ਤੋਂ ਪੱਥਰ ਡਿੱਗ ਰਹੇ ਹਨ।