ਲੰਡਨ-ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਬਰਤਾਨੀਆ ਨੂੰ ਭਾਰਤ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਵਿਕਾਸ ਦੀ ਗਾਥਾ ਵਿੱਚ ਪੂਰਾ ਵਿਸ਼ਵਾਸ ਹੈ।
ਬਿਰਲਾ ਨੇ ਬੁੱਧਵਾਰ ਸ਼ਾਮ ਨੂੰ ਇੱਥੇ ਭਾਰਤੀ ਹਾਈ ਕਮਿਸ਼ਨ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਬਰਤਾਨੀਆ ਦੇ ਆਪਣੇ ਹਮਰੁਤਬਾ ‘ਹਾਊਸ ਆਫ ਕਾਮਨਜ਼’ ਦੇ ਸਪੀਕਰ ਸਰ ਲਿੰਡਸੇ ਹੌਇਲ ਅਤੇ ਹੋਰ ਸੰਸਦ ਮੈਂਬਰਾਂ ਨਾਲ ਗੱਲਬਾਤ ਦੌਰਾਨ ਪ੍ਰਾਪਤ ਹੋਈ ਜਾਣਕਾਰੀ ਸਾਂਝੀ ਕੀਤੀ।
ਲੋਕ ਸਭਾ ਸਪੀਕਰ ਬਿਰਲਾ ਨੇ ਕਿਹਾ ਕਿ ਉਨ੍ਹਾਂ ਦੀ ਗੱਲਬਾਤ ਭਾਰਤ-ਬਰਤਾਨੀਆ ਸੰਸਦੀ ਸਹਿਯੋਗ ਦੀ ਮਜ਼ਬੂਤੀ ਅਤੇ ਵੱਖ-ਵੱਖ ਖੇਤਰਾਂ ਵਿੱਚ ਦੁਵੱਲੀ ਭਾਈਵਾਲੀ ’ਤੇ ਕੇਂਦਰਤ ਸੀ।
ਬਿਰਲਾ ਨੇ ਕਿਹਾ, ‘‘ਬਰਤਾਨੀਆ ਦੇ ਅਹਿਮ ਸੰਸਦ ਮੈਂਬਰਾਂ ਨਾਲ ਮੇਰੀ ਗੱਲਬਾਤ ਵਧੀਆ ਰਹੀ ਅਤੇ ਉਨ੍ਹਾਂ ਨੇ ਭਾਰਤ ਦੇ ਲੋਕਤੰਤਰੀ ਮੁੱਲਾਂ ਅਤੇ ਵਿਕਾਸ ਦੀ ਗਾਥਾ ਵਿੱਚ ਆਪਣਾ ਦ੍ਰਿੜ੍ਹ ਵਿਸ਼ਵਾਸ ਪ੍ਰਗਟ ਕੀਤਾ।’’ ਉਨ੍ਹਾਂ ਕਿਹਾ, ‘‘ਸਾਡੀ ਚੋਣ ਪ੍ਰਕਿਰਿਆ ਪਾਰਦਰਸ਼ੀ ਹੈ, ਜਿਸ ਕਾਰਨ ਦੁਨੀਆ ਵਿੱਚ ਲੋਕਤੰਤਰ ਵਿੱਚ ਵਿਸ਼ਵਾਸ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੀ ਹੈ। ਸਾਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ’ਤੇ ਮਾਣ ਹੈ, ਜਿਸਨੂੰ ‘ਲੋਕਤੰਤਰ ਦੀ ਜਨਨੀ’ ਵੀ ਕਿਹਾ ਜਾਂਦਾ ਹੈ ਅਤੇ ਮੈਂ ਤੁਹਾਨੂੰ ਸਾਡੇ ਸੰਵਿਧਾਨ ਦੇ 75 ਸਾਲ ਪੂਰੇ ਹੋਣ ’ਤੇ ਭਾਰਤ ਦੀ ਨਵੀਂ ਸੰਸਦ ਨੂੰ ਦੇਖਣ ਦਾ ਸੱਦਾ ਦਿੰਦਾ ਹਾਂ।’’