ਫਤਿਹਪੁਰ – ਬੁੱਧਵਾਰ ਤੜਕੇ ਨੈਸ਼ਨਲ ਹਾਈਵੇਅ2 ‘ਤੇ ਬਰਾਤ ਲੈ ਕੇ ਜਾ ਰਹੀ ਬੱਸ ਖੜ੍ਹੇ ਟਰੱਕ ਨਾਲ ਟਕਰਾ ਗਈ, ਜਿਸ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 10 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਹ ਹਾਦਸਾ ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ‘ਚ ਵਾਪਰਿਆ। ਪੁਲਸ ਸੁਪਰਡੈਂਟ ਧਵਲ ਜਾਇਸਵਾਲ ਨੇ ਇੱਥੇ ਦੱਸਿਆ ਕਿ ਅੱਜ ਤੜਕੇ ਪ੍ਰਯਾਗਰਾਜ ਤੋਂ ਨੋਇਡਾ ਨੂੰ ਜਾ ਰਹੀ ਇਕ ਬੱਸ ਜਿਸ ‘ਚ 50 ਬਰਾਤੀ ਸਵਾਰ ਸਨ, ਮੌਹਾਰ ਪਿੰਡ ਦੇ ਸਾਹਮਣੇ ਖੜ੍ਹੇ ਟਰੱਕ ਨਾਲ ਟਕਰਾ ਗਈ, ਜਿਸ ਨਾਲ ਬੱਸ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ‘ਚ ਬੱਸ ‘ਚ ਸਵਾਰ ਕੁਮਕੁਮ ਸਿੰਘ (20) ਵਾਸੀ ਗਯਾ ਬਿਹਾਰ ਅਤੇ ਕਿਰਨ ਦੇਵੀ (55) ਔਰੰਗਾਬਾਦ ਬਿਹਾਰ ਅਤੇ 5 ਸਾਲਾ ਆਦਿਤਯ ਰਾਜ ਉਰਫ਼ ਟਿੰਕੂ ਵਾਸੀ ਗਯਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ 10 ਯਾਤਰੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਟਰੱਕ ਅਤੇ ਬੱਸ ਨੂੰ ਪੁਲਸ ਨੇ ਆਪਣੇ ਕਬਜ਼ੇ ‘ਚ ਲੈ ਲਿਆ ਹੈ।