ਵਿਨੀਪੈਗ-ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਇਕ ਸਕੂਲ ਵਿਚ ਪਿਛਲੇ ਕਈ ਦਿਨਾਂ ਤੋਂ ਤੀਜੀ ਜਮਾਤ ਵਿਚ ਪੜ੍ਹਦੇ ਸਿੱਖ ਬੱਚੇ ਉੱਤੇ ਕਈ ਹਮਲੇ ਹੋ ਚੁੱਕੇ ਹਨ। ਸਿੱਖ ਪਰਿਵਾਰ ਆਪਣੇ ਬੱਚੇ ਨੂੰ ਸਕੂਲ ਭੇਜਣ ਤੋਂ ਡਰਨ ਲੱਗਾ ਹੈ। ਮਾਪਿਆਂ ਨੇ ਦੋਸ਼ ਲਾਇਆ ਕਿ ਬੱਚੇ ਉੱਤੇ ਚੌਥਾ ਹਮਲਾ ਹੋਣ ਮਗਰੋਂ ਸਕੂਲ ਪ੍ਰਿੰਸੀਪਲ ਨੇ ਮਸਲੇ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਢੁਕਵੀਂ ਕਾਰਵਾਈ ਨਾ ਹੋਣ ਕਰਕੇ ਉਨ੍ਹਾਂ ਨੂੰ ਹੁਣ ਆਪਣੇ ਬੱਚੇ ਦੀ ਸੁਰੱਖਿਆ ਦੀ ਫ਼ਿਕਰ ਹੈ। ਉਹ ਆਪਣੇ ਬੱਚੇ ਨੂੰ ਸਕੂਲ ਭੇਜਣ ਤੋਂ ਡਰ ਰਹੇ ਹਨ।
‘ਓਮਨੀ ਨਿਊਜ਼’ ਦੀ ਰਿਪੋਰਟ ਮੁਤਾਬਕ ਪਰਿਵਾਰ ਦੀ ਪਛਾਣ ਹਾਲਾਂਕਿ ਜਨਤਕ ਨਹੀਂ ਕੀਤੀ ਗਈ। ਬੱਚੇ ਦੀ ਮਾਂ ਨੇ ਦੱਸਿਆ ਕਿ ਪਿਛਲੇ ਸਾਲ ਸਤੰਬਰ ਵਿਚ ਉਨ੍ਹਾਂ ਵੱਲੋਂ ਆਪਣੇ ਬੱਚੇ ਨੂੰ ਹੈਨੋਵਰ ਪਬਲਿਕ ਸਕੂਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਤਕਰੀਬਨ ਤਿੰਨ ਸੌ ਤੋਂ ਵੀ ਵੱਧ ਬੱਚੇ ਹਨ। ਪਰਿਵਾਰ ਮੁਤਾਬਕ ਸ਼ੁਰੂਆਤ ਵਿਚ ਸਿਰਫ਼ ਜ਼ੁਬਾਨੀ ਕਲਾਮੀ ਹੀ ਬੱਚੇ ਨਾਲ ਬਦਤਮੀਜ਼ੀ ਕੀਤੀ ਜਾਂਦੀ ਸੀ, ਪਰ ਜਲਦ ਹੀ ਹਮਲੇ ਸ਼ੁਰੂ ਹੋ ਗਏ। ਮਾਪਿਆਂ ਦੇ ਵਾਰ ਵਾਰ ਜ਼ੋਰ ਪਾਉਣ ’ਤੇ ਪ੍ਰਿੰਸੀਪਲ ਨੇ ਕਸੂਰਵਾਰ ਬੱਚਿਆਂ ਨੂੰ ਸੱਦਿਆ ਅਤੇ ਸਿੱਖ ਬੱਚੇ ਤੋਂ ਸਭਨਾਂ ਨੇ ਮੁਆਫ਼ੀ ਮੰਗੀ, ਪਰ ਕੁਝ ਘੰਟੇ ਬਾਅਦ ਮੁੜ ਉਹੀ ਸਭ ਸ਼ੁਰੂ ਹੋ ਗਿਆ। ਮਾਪੇ ਆਪਣੇ ਬੱਚੇ ਨੂੰ ਸਕੂਲ ਭੇਜਣ ਤੋਂ ਘਬਰਾਉਣ ਲੱਗੇ ਹਨ। ਪ੍ਰਿੰਸੀਪਲ ਵੱਲੋਂ ਮਾਪਿਆਂ ਨੂੰ ਬੱਚੇ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ, ਪਰ ਪਰਿਵਾਰ ਦਾ ਮੰਨਣਾ ਹੈ ਕਿ ਅਧਿਆਪਕ ਨੇ ਘਟਨਾ ਵਾਪਰਨ ’ਤੇ ਤੁਰੰਤ ਕਾਰਵਾਈ ਕੀਤੀ ਹੁੰਦੀ ਤਾਂ ਸਥਿਤੀ ਇੰਨੀ ਖ਼ਰਾਬ ਨਾ ਹੁੰਦੀ।