ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਨੀਤੀ ‘ਬਲਾਤਕਾਰ ਨਾਲ ਸਬੰਧਤ ਘਟਨਾਵਾਂ ਲਈ ਜ਼ੀਰੋ ਟੋਲਰੈਂਸ’ ਦੀ ਹੈ। ਇਨ੍ਹਾਂ ਮਾਮਲਿਆਂ ਨਾਲ ਸਬੰਧਤ ਮੌਜੂਦਾ ਕਾਨੂੰਨਾਂ ਵਿੱਚ ਸੋਧ ਲਈ ਅਗਲੇ ਹਫ਼ਤੇ ਬਿੱਲ ਰਾਜ ਵਿਧਾਨ ਸਭਾ ਵਿੱਚ ਪਾਸ ਕੀਤਾ ਜਾਵੇਗਾ ਕੀਤਾ ਜਾਵੇ ਤਾਂ ਜੋ ਬਲਾਤਕਾਰ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਯਕੀਨੀ ਬਣਾਈ ਜਾ ਸਕੇ। ਬੈਨਰਜੀ ਨੇ ਕਿਹਾ ਕਿ ਜੇ ਰਾਜਪਾਲ ਸੋਧੇ ਬਿੱਲ ਨੂੰ ਮਨਜ਼ੂਰੀ ਦੇਣ ‘ਚ ਦੇਰੀ ਕਰਦੇ ਹਨ ਜਾਂ ਇਸ ਨੂੰ ਮਨਜ਼ੂਰੀ ਲਈ ਰਾਸ਼ਟਰਪਤੀ ਕੋਲ ਭੇਜਿਆ ਜਾਂਦਾ ਹੈ ਤਾਂ ਉਹ ਰਾਜ ਭਵਨ ਦੇ ਬਾਹਰ ਧਰਨੇ ‘ਤੇ ਬੈਠਣਗੇ। ਮੁੱਖ ਮੰਤਰੀ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਬਲਾਤਕਾਰ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਵਾਲਾ ਕਾਨੂੰਨ ਪਾਸ ਕਰਨ ਲਈ ਕੇਂਦਰ ‘ਤੇ ਦਬਾਅ ਬਣਾਉਣ ਲਈ ਸ਼ਨਿਚਰਵਾਰ ਤੋਂ ਸੂਬੇ ‘ਚ ਜ਼ਮੀਨੀ ਪੱਧਰ ‘ਤੇ ਅੰਦੋਲਨ ਸ਼ੁਰੂ ਕਰੇਗੀ। ਤ੍ਰਿਣਮੂਲ ਕਾਂਗਰਸ ਛਾਤਰ ਪਰਿਸ਼ਦ ਦੇ ਸਥਾਪਨਾ ਦਿਵਸ ‘ਤੇ ਰੈਲੀ ‘ਚ ਉਨ੍ਹਾਂ ਕਿਹਾ,‘ਅਸੀਂ ਅਗਲੇ ਹਫਤੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ‘ਚ ਸੋਧ ਬਿੱਲ ਪਾਸ ਕਰ ਦੇਵਾਂਗੇ।’