ਨਵੀਂ ਦਿੱਲੀ: ਦੇਸ਼ ਵਿੱਚ ਬਲਾਤਕਾਰ ਖਿਲਾਫ ਲੋਕਾਂ ਦਾ ਗੁੱਸਾ ਲਗਾਤਾਰ ਭੜਕਦਾ ਜਾ ਰਿਹਾ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਸਵਾਤੀ ਮਾਲੀਵਾਲ ਦਿੱਲੀ ਵਿੱਚ ਬਲਾਤਕਾਰ ਦੇ ਦੋਸ਼ੀਆਂ ਨੂੰ ਫਾਂਸੀ ਦੀ ਮੰਗ ਕਰਦਿਆਂ ਭੁੱਖ ਹੜਤਾਲ ’ਤੇ ਬੈਠ ਗਈ ਹੈ। ਇਸ ਦੇ ਨਾਲ ਹੀ ਸੰਸਦ ਵਿੱਚ ਵੀ ਹਰ ਕੋਈ ਹੈਦਰਾਬਾਦ ਤੇ ਉਸ ਵਰਗੀਆਂ ਹੋਈਆਂ ਸਾਰੀਆਂ ਵਾਰਦਾਤਾਂ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕਰ ਰਿਹਾ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਨੇ ਵੀ ਇਸ ਕੇਸ ‘ਤੇ ਇਹੀ ਪ੍ਰਤੀਕਿਰਿਆ ਦਿੱਤੀ ਹੈ।
ਹਰਸਿਮਰਤ ਕੌਰ ਬਾਦਲ ਨੇ ਏਬੀਪੀ ਨਿਊਜ਼ ਨੂੰ ਦੱਸਿਆ, ‘ਅਸੀਂ ਮਹਿਲਾਵਾਂ ਤੇ ਆਪਣੀਆਂ ਧੀਆਂ ਦੀ ਸੁਰੱਖਿਆ ਵਿੱਚ ਅਸਫਲ ਹੋ ਰਹੇ ਹਾਂ। ਮੈਂ ਆਪਣੇ ਕਾਲਜ ਦੇ ਦਿਨ ਯਾਦ ਕਰਦੀ ਹਾਂ। ਅੱਜ ਬੱਸਾਂ ਵਿੱਚ ਧੀਆਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਅਸੀਂ ਅਸਫਲ ਸਾਬਤ ਹੋ ਰਹੇ ਹਾਂ। ਨਿਰਭਿਯਾ ਵਰਗੀ ਘਟਨਾ ਤੇ ਕਾਨੂੰਨ ਵਿੱਚ ਤਬਦੀਲੀ ਹੋਣ ਤੋਂ ਬਾਅਦ ਵੀ ਸਥਿਤੀ ਵਿੱਚ ਸੁਧਾਰ ਨਹੀਂ ਹੋ ਰਿਹਾ। ਆਊਟ ਆਫ ਬਾਕਸ ਹੱਲ ਸੋਚਣੇ ਹੋਣਗੇ।’
ਉਨ੍ਹਾਂ ਨੇ ਕਿਹਾ, ‘ਬਲਾਤਕਾਰ ਪੀੜਤ ਦੀ ਜਿੰਨੀ ਉਮਰ ਹੈ, ਓਨੇ ਮਹੀਨਿਆਂ ਵਿੱਚ ਸਜ਼ਾ ਯਕੀਨੀ ਹੋਏ। ਜੇ ਪੀੜਤਾ ਦੋ ਮਹੀਨਿਆਂ ਦੀ ਲੜਕੀ ਹੈ, ਤਾਂ ਦੋਸ਼ੀ ਨੂੰ ਦੋ ਮਹੀਨਿਆਂ ਵਿੱਚ ਸਜ਼ਾ ਦਿੱਤੀ ਜਾਏ। ਇਸ ਦੇ ਲਈ ਜੇ ਜ਼ਰੂਰੀ ਹੋਏ ਤਾਂ ਅਦਾਲਤਾਂ ਵਾਧੂ ਸਮੇਂ ਵਿੱਚ ਕੰਮ ਕਰਨ।
ਸੰਵੇਦਨਸ਼ੀਲਤਾ ਨਾਲ ਕੰਮ ਨਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ‘ਤੇ ਵੀ ਕਾਰਵਾਈ ਹੋਏ। ਬਲਾਤਕਾਰ ਦੇ ਮਾਮਲੇ ਵਿੱਚ ਰਹਿਮ ਦੀ ਅਪੀਲ ਦਾ ਕੋਈ ਪ੍ਰਬੰਧ ਨਾ ਹੋਏ। ਅੱਜ ਸੰਸਦ ਮੈਂਬਰ ਵੀ ਮਹਿਸੂਸ ਕਰਦੇ ਹਨ ਕਿ ਕਾਨੂੰਨ ਆਪਣਾ ਕੰਮ ਨਹੀਂ ਕਰ ਰਿਹਾ। ਅਜਿਹੀ ਸਥਿਤੀ ਵਿਚ ਲੋਕ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਲਈ ਮਜਬੂਰ ਹੋਣਗੇ।’