ਫਰੀਦਕੋਟ: ਬਹਿਬਲ ਕਲਾਂ ਇਨਸਾਫ਼ ਮੋਰਚਾ (Behbal Kalan Insaaf Morcha) ਅਤੇ 2015 ਵਿਚ ਹੋਈ ਪੁਲੀਸ ਗੋਲੀਬਾਰੀ ਦੇ ਪੀੜਤਾਂ ਦੇ ਪਰਿਵਾਰਾਂ ਨੇ ਇਸ ਘਟਨਾ ਵਿੱਚ ਕਥਿਤ ਤੌਰ ‘ਤੇ ਸ਼ਾਮਲ ਇੱਕ ਪੁਲੀਸ ਅਧਿਕਾਰੀ ਨੂੰ ਫਰੀਦਕੋਟ ਵਿਚ ਪੁਲੀਸ ਦੇ ਇੱਕ ਸੀਨੀਅਰ ਅਹੁਦੇ ‘ਤੇ ਤਾਇਨਾਤ ਕੀਤੇ ਜਾਣ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ।
ਮੋਰਚੇ ਦੇ ਇੱਕ ਪ੍ਰਮੁੱਖ ਆਗੂ ਸੁਖਰਾਜ ਸਿੰਘ ਨਿਆਮੀਵਾਲਾ ਨੇ ਪੰਜਾਬ ਸਰਕਾਰ ‘ਤੇ ਅਦਾਲਤ ਵਿੱਚ ਗੰਭੀਰਤਾ ਨਾਲ ਮਾਮਲੇ ਦੀ ਪੈਰਵੀ ਕਰਨ ਵਿੱਚ ਅਸਫਲ ਰਹਿ ਕੇ ਮਾਮਲੇ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਦੋਸ਼ ਲਗਾਇਆ ਕਿ 2015 ਦੀ ਗੋਲੀਬਾਰੀ ਦੌਰਾਨ ਪੁਲੀਸ ਟੀਮ ਦਾ ਹਿੱਸਾ ਰਹੇ ਇੱਕ ਪੁਲੀਸ ਕਪਤਾਨ (ਐਸਪੀ) ਦੀ ਹਾਲੀਆ ਤਾਇਨਾਤੀ ਗੋਲੀ ਕਾਂਡ ਸਬੰਧੀ ਮੁਕੱਦਮੇਬਾਜ਼ੀ ਨੂੰ ਸਾਬੋਤਾਜ ਕਰਨ ਅਤੇ ਗਵਾਹਾਂ ਨੂੰ ਡਰਾਉਣ ਦੀ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਹੈ।
ਨਿਆਮੀਵਾਲਾ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, “ਸਰਕਾਰ ਜਾਣਬੁੱਝ ਕੇ ਬਹਿਬਲ ਕਲਾਂ ਗੋਲੀਬਾਰੀ ਕਾਂਡ ਦੇ ਦੋਸ਼ੀ ਅਧਿਕਾਰੀਆਂ ਨੂੰ ਫਰੀਦਕੋਟ ਤਾਇਨਾਤ ਕਰ ਰਹੀ ਹੈ ਤਾਂ ਜੋ ਕਾਰਵਾਈ ਦੀ ਨਿਗਰਾਨੀ ਕੀਤੀ ਜਾ ਸਕੇ ਅਤੇ ਸੰਭਾਵਤ ਤੌਰ ‘ਤੇ ਪ੍ਰਭਾਵਿਤ ਕੀਤਾ ਜਾ ਸਕੇ। ਇਹ ਨਾਕਾਬਿਲੇ-ਬਰਦਾਸ਼ਤ ਹੈ ਕਿ ਅਜਿਹੇ ਅਧਿਕਾਰੀਆਂ ਨੂੰ ਨਾ ਸਿਰਫ਼ ਤਰੱਕੀ ਦਿੱਤੀ ਜਾ ਰਹੀ ਹੈ ਬਲਕਿ ਉਨ੍ਹਾਂ ਨੂੰ ਸਿੱਧੇ ਤੌਰ ‘ਤੇ ਮਾਮਲੇ ਨਾਲ ਜੁੜੇ ਸੰਵੇਦਨਸ਼ੀਲ ਸਥਾਨਾਂ ‘ਤੇ ਵੀ ਤਾਇਨਾਤ ਕੀਤਾ ਜਾ ਰਿਹਾ ਹੈ।”
ਉਨ੍ਹਾਂ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਗਏ ਨਿਆਂ ਦਿਵਾਉਣ ਦੇ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹਿਣ ਲਈ ਆਲੋਚਨਾ ਕੀਤੀ। ਉਨ੍ਹਾਂ ਕਿਹਾ, “ਆਪਣੇ ਕਾਰਜਕਾਲ ਦੇ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਸਰਕਾਰ ਨੇ ਬਹਿਬਲ ਕਲਾਂ ਮਾਮਲੇ ਵਿੱਚ ਅੰਤਿਮ ਦੋਸ਼ ਪੱਤਰ ਵੀ ਦਾਇਰ ਨਹੀਂ ਕੀਤਾ ਹੈ।”