ਰਾਜਪੁਰਾ- ਨਗਰ ਕੌਂਸਲ ਰਾਜਪੁਰਾ ਵੱਲੋਂ ਕਾਰਜਸਾਧਕ ਅਫ਼ਸਰ ਅਵਤਾਰ ਚੰਦ ਦੇ ਨਿਰਦੇਸ਼ਾਂ ’ਤੇ ਬੀਤੇ ਕੱਲ੍ਹ ਨਗਰ ਕੌਂਸਲ ਦੀ ਬਹੁ-ਕਰੋੜੀ ਲਗਭਗ 5000 ਹਜ਼ਾਰ ਗਜ ਜ਼ਮੀਨ ਦੇ ਲਏ ਕਬਜ਼ੇ ਤੋਂ ਬਾਅਦ ਅੱਜ ਜ਼ਮੀਨ ਦੀ ਮਾਲਕੀ ਸਬੰਧੀ ਬੋਰਡ ਲਗਾ ਦਿੱਤੇ ਗਏ ਹਨ। ਉਨ੍ਹਾਂ ਬੋਰਡਾਂ ਉਪਰ ਲਿਖਿਆ ਕਿ ਇਹ ਜਗ੍ਹਾ ਨਗਰ ਕੌਂਸਲ ਦੀ ਮਲਕੀਅਤ ਹੈ, ਇਸ ਜਗ੍ਹਾ ਉਪਰ ਨਾਜਾਇਜ਼ ਉਸਾਰੀ ਜਾਂ ਕਬਜ਼ਾ ਕਰਨ ਵਾਲ਼ੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਨਗਰ ਕੌਂਸਲ ਨੇ ਉਕਤ ਜ਼ਮੀਨ ਦੇ ਆਲੇ ਦੁਆਲੇ ਚਾਰਦੀਆਰੀ ਕਰਵਾਉਣ ਦਾ ਕੰਮ ਆਰੰਭ ਦਿੱਤਾ ਹੈ। ਜੇਸੀਬੀ ਦੀ ਸਹਾਇਤਾ ਨਾਲ ਜਗ੍ਹਾ ਦੇ ਚੁਫੇਰਿਓਂ ਨੀਂਹਾਂ ਪੁੱਟ ਦਿੱਤੀਆਂ ਹਨ। ਉੱਧਰ ਜ਼ਮੀਨ ਦੇ ਨਜ਼ਦੀਕੀ ਸ਼ੀਤਲ ਕਲੋਨੀ, ਮਿਰਚ ਮੰਡੀ, ਪ੍ਰੀਤ ਕਲੋਨੀ ਮਹਿੰਦਰਗੰਜ ਬਜ਼ਾਰ ਆਦਿ ਕਲੋਨੀਆਂ ਦੇ ਵਸਨੀਕਾਂ ਭੁਪਿੰਦਰ ਸਿੰਘ, ਪਿਆਰ ਕੌਰ, ਜਸਮੋਹਨ ਸਿੰਘ, ਹਰਜੀਤ ਸਿੰਘ, ਬਲਜੀਤ ਕੌਰ, ਕੁਲਵੰਤ ਕੌਰ ਤੇ ਸਵਰਨਜੀਤ ਕੌਰ ਆਦਿ ਨੇ ਸੋਸ਼ਲ ਮੀਡੀਆ ’ਤੇ ਨਗਰ ਕੌਂਸਲ, ਪੁਲੀਸ ਪ੍ਰਸ਼ਾਸਨ ਅਤੇ ਹਲਕਾ ਵਿਧਾਇਕਾ ਨੀਨਾ ਮਿੱਤਲ ਦਾ ਧੰਨਵਾਦ ਕੀਤਾ।