Bandra migrant crisis: ਮੁੰਬਈ: ਮੁੰਬਈ ਦੇ ਬਾਂਦ੍ਰਾ ਰੇਲਵੇ ਸਟੇਸ਼ਨ ‘ਤੇ ਭਾਰੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਵਿਨੇ ਦੁਬੇ ਨਾਂ ਦੇ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ 1 ਹਜ਼ਾਰ ਲੋਕਾਂ ਖਿਲਾਫ਼ FIR ਦਰਜ ਕੀਤੀ ਹੈ । ਵਿਨੇ ਨੂੰ ਨਵੀਂ ਮੁੰਬਈ ਪੁਲਿਸ ਨੇ ਫੜ ਕੇ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ । ਦਰਅਸਲ, ਵਿਨੇ ‘ਤੇ ਲਾਕ ਡਾਊਨ ਦੌਰਾਨ ਲੋਕਾਂ ਨੂੰ ਗੁਮਰਾਹ ਕਰਨ ਦੇ ਦੋਸ਼ ਲਗਾਏ ਗਏ ਹਨ । ਵਿਨੇ ਵੱਲੋਂ ‘ਚਲੋ ਘਰ ਵੱਲ’ ਨਾਂ ਦੀ ਮੁਹਿੰਮ ਚਲਾਈ ਗਈ ਸੀ ।
ਇਸ ਮੁਹਿੰਮ ਨੂੰ ਲੈ ਕੇ ਉਸਨੇ ਆਪਣੇ ਫੇਸਬੁੱਕ ਅਤੇ ਟਵਿੱਟਰ ‘ਤੇ ਇੱਕ ਪੋਸਟ ਵੀ ਸਾਂਝੀ ਕੀਤੀ ਸੀ । ਉਥੇ ਹੀ ਮੁੰਬਈ ਪੁਲਿਸ ਵੱਲੋਂ ਇਸ ਮਾਮਲੇ ਵਿੱਚ 1 ਹਜ਼ਾਰ ਲੋਕਾਂ ਖਿਲਾਫ਼ FIR ਦਰਜ ਕੀਤੀ ਗਈ ਹੈ। ਪੁਲਿਸ ਵੱਲੋਂ ਵਿਨੇ ਖਿਲਾਫ਼ ਆਈ. ਪੀ. ਸੀ. ਦੀ ਧਾਰਾ 117,153 ਏ, 188, 269, 270, 505(2) ਅਤੇ ਐਪੀਡੇਮਿਕ ਐਕਟ ਦੀ ਧਾਰਾ 3 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਦੱਸ ਦੇਈਏ ਕਿ ਵਿਨੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਅਪਲੋਡ ਕਰਕੇ ਮਹਾਰਾਸ਼ਟਰ ਸਰਕਾਰ ਨੂੰ ਮੰਗ ਕੀਤੀ ਸੀ ਕਿ ਪ੍ਰਵਾਸੀ ਕਾਮਿਆਂ ਦੇ ਘਰ ਵਾਪਸ ਜਾਣ ਦਾ ਇੰਤਜ਼ਾਮ ਕੀਤਾ ਜਾਵੇ, ਜੋ ਲਾਕ ਡਾਊਨ ਕਾਰਨ ਫਸੇ ਹੋਏ ਹਨ । ਉਸ ਨੇ ਇਹ ਵੀ ਕਿਹਾ ਸੀ ਕਿ ਜੇਕਰ 18 ਅਪ੍ਰੈਲ ਤੱਕ ਕੋਈ ਟ੍ਰੇਨ ਨਾ ਚਲਾਈ ਗਈ ਤਾਂ ਉਹ ਇਸ ਦਾ ਵਿਰੋਧ ਕਰਨਗੇ ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਮੁੰਬਈ ਦੇ ਬਾਂਦ੍ਰਾ ਸਟੇਸ਼ਨ ‘ਤੇ ਪ੍ਰਵਾਸੀ ਮਜ਼ਦੂਰਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਸੀ । ਇਹ ਮਜ਼ਦੂਰ ਘਰ ਜਾਣ ਲਈ ਸਟੇਸ਼ਨ ‘ਤੇ ਪਹੁੰਚੇ ਸਨ. ਮਜ਼ਦੂਰਾਂ ਨੂੰ ਉਮੀਦ ਸੀ ਕਿ ਲਾਕ ਡਾਊਨ ਖਤਮ ਹੋ ਜਾਵੇਗਾ । ਸਟੇਸ਼ਨ ‘ਤੇ ਪਹੁੰਚ ਕੇ ਉਨ੍ਹਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਪੁਲਿਸ ਨੂੰ ਮਜ਼ਬੂਰਨ ਲਾਠੀਚਾਰਜ ਕਰਕੇ ਇਨ੍ਹਾਂ ਨੂੰ ਹਟਾਉਣਾ ਪਿਆ ।