ਕਾਬੁਲ ਹਵਾਈ ਅੱਡੇ ‘ਤੇ 24 ਤੋਂ 36 ਘੰਟਿਆਂ ‘ਚ ਇਕ ਹੋਰ ਅੱਤਵਾਦੀ ਹਮਲਾ ਹੋ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਖ਼ੁਦ ਇਸ ਬਾਰੇ ਖਦਸ਼ਾ ਜ਼ਾਹਰ ਕੀਤਾ ਹੈ। ਜੋਅ ਬਾਇਡਨ ਦੀ ਚਿਤਾਵਨੀ ਦੇ ਬਾਅਦ, ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੇ ਨਾਗਰਿਕਾਂ ਲਈ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਵਿਚ ਨਾਗਰਿਕਾਂ ਨੂੰ ਤੁਰੰਤ ਏਅਰਪੋਰਟ ਛੱਡਣ ਲਈ ਕਿਹਾ ਗਿਆ ਹੈ।
ਐਤਵਾਰ ਸਵੇਰੇ ਜਾਰੀ ਕੀਤੀ ਗਈ ਚਿਤਾਵਨੀ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਨਾਗਰਿਕਾਂ ਨੂੰ ਇਸ ਸਮੇਂ ਕਾਬੁਲ ਹਵਾਈ ਅੱਡੇ ਦੀ ਯਾਤਰਾ ਤੋਂ ਬਚਣਾ ਚਾਹੀਦਾ ਹੈ ਅਤੇ ਹਵਾਈ ਅੱਡੇ ਦੇ ਅੰਦਰ ਦੇ ਸਾਰੇ ਗੇਟ ਤੁਰੰਤ ਛੱਡ ਦਿੱਤੇ ਜਾਣੇ ਚਾਹੀਦੇ ਹਨ। ਇਸ ਵਿਚ ਵਿਸ਼ੇਸ਼ ਤੌਰ ‘ਤੇ ਦੱਖਣ (ਏਅਰਪੋਰਟ ਸਰਕਲ) ਗੇਟ, ਨਵੇਂ ਗ੍ਰਹਿ ਮੰਤਰਾਲੇ ਅਤੇ ਏਅਰਪੋਰਟ ਦੇ ਉੱਤਰ-ਪੱਛਮ ਵਾਲੇ ਪਾਸੇ ਪੰਜਸ਼ੀਰ ਪੈਟਰੋਲ ਸਟੇਸ਼ਨ ਦੇ ਨੇੜੇ ਗੇਟ ‘ਤੇ ਜਾਣ ਤੋਂ ਬਚਣ ਲਈ ਕਿਹਾ ਹੈ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅਗਲੇ 24-36 ਘੰਟਿਆਂ ਵਿਚ ਕਾਬੁਲ ਹਵਾਈ ਅੱਡੇ ‘ਤੇ ਇਕ ਹੋਰ ਅੱਤਵਾਦੀ ਹਮਲੇ ਦੀ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਕਿਹਾ, ‘ਸਾਡੇ ਕਮਾਂਡਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਅਗਲੇ 24-36 ਘੰਟਿਆਂ ਵਿਚ ਹਮਲੇ ਦੀ ਸੰਭਾਵਨਾ ਹੈ।
ਇਸ ਤੋਂ ਪਹਿਲਾਂ ਅਮਰੀਕਾ ਨੇ ਕਾਬੁਲ ਹਵਾਈ ਅੱਡੇ ‘ਤੇ ਆਤਮਘਾਤੀ ਬੰਬ ਧਮਾਕਿਆਂ ਦੇ 48 ਘੰਟਿਆਂ ਦੇ ਅੰਦਰ ISIS-K ਦੇ ਟਿਕਾਣਿਆਂ ‘ਤੇ ਡਰੋਨ ਹਮਲਾ ਕੀਤਾ ਸੀ। ISK ਦੇ ਸਾਜ਼ਿਸ਼ਕਰਤਾ ਦੇ ਵਿਰੁੱਧ ਅੱਤਵਾਦੀ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਮਨੁੱਖ ਰਹਿਤ ਹਵਾਈ ਹਮਲਾ ਅਫ਼ਗਾਨਿਸਤਾਨ ਦੇ ਨਾਂਗਰ ਪ੍ਰਾਂਤ ਵਿਚ ਹੋਇਆ। ਸ਼ੁਰੂਆਤੀ ਸੰਕੇਤ ਹਨ ਕਿ ਅਸੀਂ ਮਿੱਥੇ ਹੋਏ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਸਾਡੇ ਕੋਲ ਕਿਸੇ ਵੀ ਅਸੈਨਿਕ ਵਿਅਕਤੀ ਦੇ ਨਾ ਮਾਰੇ ਜਾਣ ਜਾਣਕਾਰੀ ਹੈ।
ਵੀਰਵਾਰ ਨੂੰ ਕਾਬੁਲ ਹਵਾਈ ਅੱਡੇ ‘ਤੇ ਹੋਏ ਆਤਮਘਾਤੀ ਬੰਬ ਧਮਾਕੇ ਵਿਚ 13 ਅਮਰੀਕੀ ਸੈਨਿਕਾਂ ਸਮੇਤ 169 ਅਫ਼ਗਾਨ ਨਾਗਰਿਕ ਮਾਰੇ ਗਏ ਸਨ। ਅਫ਼ਗਾਨਿਸਤਾਨ ਵਿਚ ਇਸਲਾਮਿਕ ਸਟੇਟ ਨਾਲ ਜੁੜੇ ਇਸਲਾਮਿਕ ਸਟੇਟ ਖੋਰਾਸਾਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।