ਕੈਲੀਫੋਰਨੀਆ ਸੂਬੇ ਨੇ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਇਡਨ ਦੀ ਜਿੱਤ ‘ਤੇ ਮੋਹਰ ਲਗਾ ਦਿੱਤੀ ਹੈ। 55 ਇਲੈਕਟੋਰਲ ਕਾਲਜ ਦੇ ਨਤੀਜੇ ਪੱਖ ਵਿਚ ਆਉਣ ਪਿੱਛੋਂ ਬਾਇਡਨ ਨੇ ਸਰਕਾਰ ਬਣਾਉਣ ਲਈ ਲੋੜੀਂਦਾ ਬਹੁਮਤ ਪ੍ਰਰਾਪਤ ਕਰ ਲਿਆ ਹੈ। ਬਾਇਡਨ ਨੂੰ 279 ਇਲੈਕਟੋਰਲ ਕਾਲਜ ਦਾ ਸਮਰਥਨ ਮਿਲ ਚੁੱਕਾ ਹੈ ਜਦਕਿ ਜ਼ਰੂਰੀ ਅੰਕੜਾ 270 ਦਾ ਹੈ।
ਕੈਲੀਫੋਰਨੀਆ ਦੀ ਸੈਕਟਰੀ ਆਫ ਸਟੇਟ ਅਲੈਕਸ ਪੈਡਿਲਾ ਨੇ ਬਾਇਡਨ ਦੀ ਜਿੱਤ ‘ਤੇ ਰਸਮੀ ਮੋਹਰ ਲਗਾਈ। ਹਾਲਾਂਕਿ ਰਾਸ਼ਟਰਪਤੀ ਚੋਣ ਵਿਚ ਆਮ ਕਰਕੇ ਇਨ੍ਹਾਂ ਗੱਲਾਂ ‘ਤੇ ਜ਼ੋਰ ਨਹੀਂ ਦਿੱਤਾ ਜਾਂਦਾ ਹੈ ਪ੍ਰੰਤੂ ਇਸ ਵਾਰ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਬਾਇਡਨ ਦੀ ਜਿੱਤ ਨੂੰ ਸਵੀਕਾਰ ਨਾ ਕਰਨ ਕਾਰਨ ਇਸ ਨੂੰ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ। ਕੈਲੀਫੋਰਨੀਆ ਵਿਚ ਜਿਨ੍ਹਾਂ ਇਲੈਕਟਰਾਂ ਦੀ ਜਿੱਤ ਦਾ ਐਲਾਨ ਕੀਤਾ ਗਿਆ ਹੈ ਉਹ 14 ਦਸੰਬਰ ਨੂੰ ਹੋਰ ਸੂਬਿਆਂ ਦੇ ਆਪਣੇ ਹਮਰੁਤਬਾ ਨਾਲ ਬੈਠਕ ਕਰਨਗੇ ਅਤੇ ਅਗਲੇ ਰਾਸ਼ਟਰਪਤੀ ਲਈ ਰਸਮੀ ਵੋਟਿੰਗ ਕਰਨਗੇ। ਇਸ ਪਿੱਛੋਂ ਛੇ ਜਨਵਰੀ ਨੂੰ ਕਾਂਗਰਸ ਇਸ ‘ਤੇ ਅੰਤਿਮ ਮੋਹਰ ਲਗਾ ਦੇਵੇਗੀ।
27 ਰਿਪਬਲਿਕਨ ਐੱਮਪੀਜ਼ ਨੇ ਬਾਇਡਨ ਦੀ ਜਿੱਤ ਮੰਨੀ
249 ਰਿਪਬਲਿਕਨ ਐੱਮਪੀਜ਼ ਵਿੱਚੋਂ ਸਿਰਫ਼ 27 ਨੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਦੀ ਚੋਣ ਜਿੱਤ ਨੂੰ ਸਵੀਕਾਰ ਕੀਤਾ ਹੈ। ਵਾਸ਼ਿੰਗਟਨ ਪੋਸਟ ਵੱਲੋਂ ਕੀਤੇ ਗਏ ਇਕ ਸਰਵੇ ਵਿਚ ਦੋ ਰਿਪਬਲਿਕਨ ਐੱਮਪੀ ਜਿੱਥੇ ਟਰੰਪ ਨੂੰ ਰਾਸ਼ਟਰਪਤੀ ਚੋਣ ਦਾ ਜੇਤੂ ਮੰਨਦੇ ਹਨ ਉੱਥੇ 220 ਐੱਮਪੀਜ਼ ਨੇ ਇਸ ਗੱਲ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਕਿਸ ਨੇ ਚੋਣ ਜਿੱਤੀ। ਇਹ ਸਰਵੇ ਟਰੰਪ ਦੇ ਉਸ ਵੀਡੀਓ ਪਿੱਛੋਂ ਕੀਤਾ ਗਿਆ ਹੈ ਜਿਸ ਵਿਚ ਉਨ੍ਹਾਂ ਨੇ ਬਾਇਡਨ ਨੂੰ ਹਟਾਉਣ ਦਾ ਦਾਅਵਾ ਕੀਤਾ ਸੀ। ਰਿਪਬਲਿਕਨ ਪਾਰਟੀ ਦੇ ਅੱਠ ਐੱਮਪੀਜ਼ ਨੇ ਟਰੰਪ ਵੱਲੋਂ ਜਿੱਤ ਦੇ ਦਾਅਵੇ ਦਾ ਸਮਰਥਨ ਕੀਤਾ ਅਤੇ ਸੂਬਾਈ ਵਿਧਾਨ ਸਭਾਵਾਂ ਤੋਂ ਉਨ੍ਹਾਂ ਨੂੰ ਜੇਤੂ ਐਲਾਨ ਕਰ ਲਈ ਕਿਹਾ ਹੈ ਜਿੱਥੇ ਰਾਸ਼ਟਰਪਤੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ।