PreetNama
ਰਾਜਨੀਤੀ/Politics

ਬਾਇਡਨ ਨੇ ਇਰਾਕ ‘ਚ ਅਮਰੀਕੀ ਯੁੱਧ ਮੁਹਿੰਮਾਂ ਨੂੰ ਸਮਾਪਤ ਕਰਨ ਦਾ ਕੀਤਾ ਐਲਾਨ, ਕਿਹਾ – ਹੁਣ ਕਰਨਗੇ ਨਵੇਂ ਸੰਬੰਧਾਂ ‘ਚ ਪ੍ਰਵੇਸ਼

ਅਮਰੀਕਾ ਨੇ ਅਫ਼ਗਾਨਿਸਤਾਨ ਤੋਂ ਬਾਅਦ ਹੁਣ ਇਰਾਕ ’ਚ ਵੀ ਫ਼ੌਜੀ ਮਿਸ਼ਨ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਐਲਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਇਰਾਕੀ ਪ੍ਰਧਾਨ ਮੰਤਰੀ ਮੁਸਤਫ਼ਾ ਅਲ-ਕਾਦਿਮੀ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਕੀਤਾ ਗਿਆ। ਸਮਝੌਤੇ ਤਹਿਤ ਇਰਾਕ ’ਚ 18 ਸਾਲ ਤੋਂ ਜਾਰੀ ਅਮਰੀਕੀ ਫ਼ੌਜ ਮਿਸ਼ਨ ਇਸ ਸਾਲ ਦੇ ਅੰਤ ਤਕ ਖ਼ਤਮ ਹੋ ਜਾਵੇਗਾ। ਹਾਲਾਂਕਿ ਬਾਇਡਨ ਨੇ ਇਹ ਸਾਫ਼ ਕੀਤਾ ਹੈ ਕਿ ਇਰਾਕ ’ਚ ਮੌਜੂਦ ਢਾਈ ਹਜ਼ਾਰ ਅਮਰੀਕੀ ਫ਼ੌਜੀਆਂ ’ਚੋਂ ਜ਼ਿਆਦਾਤਰ ਦੀ ਇਸ ਪੱਛਮੀ ਏਸ਼ਿਆਈ ਦੇਸ਼ ’ਚ ਤਾਇਨਾਤੀ ਬਣੀ ਰਹੇਗੀ ਪਰ ਉਹ ਸਿਰਫ ਸਲਾਹਕਾਰ ਤੇ ਟ੍ਰੇਨਿੰਗ ਦੇਣ ਦੀ ਭੂਮਿਕਾ ’ਚ ਰਹਿਣਗੇ। ਬਾਇਡਨ ਨੇ ਇਸ ਮਹੀਨੇ ਇਹ ਐਲਾਨ ਕੀਤਾ ਸੀ ਕਿ 20 ਸਾਲਾਂ ਤੋਂ ਜਾਰੀ ਅਫ਼ਗਾਨ ਮਿਸ਼ਨ 31 ਅਗਸਤ ਨੂੰ ਖ਼ਤਮ ਹੋ ਜਾਵੇਗਾ।ਵ੍ਹਾਈਟ ਹਾਊਸ ’ਚ ਸੋਮਵਾਰ ਨੂੰ ਬਾਇਡਨ ਤੇ ਮੁਸਤਫ਼ਾ ਦੀ ਬੈਠਕ ਹੋਈ, ਜਿਸ ’ਚ ਇਸ ਸਮਝੌਤੇ ’ਤੇ ਮੋਹਰ ਲਗਾਈ ਗਈ। ਬਾਇਡਨ ਨੇ ਪੱਤਰਕਾਰਾਂ ਨੂੰ ਕਿਹਾ, ‘ਇਰਾਕ ’ਚ ਸਾਡੀ ਭੂਮਿਕਾ ਆਈਐੱਸ ਨਾਲ ਮੁਕਾਬਲੇ ’ਚ ਸਹਾਇਕ ਤੇ ਟ੍ਰੇਨਰ ਵਜੋਂ ਬਣੀ ਰਹੇਗੀ ਪਰ ਸਾਡੀ ਜੰਗ ਦੀ ਮੁਹਿੰਮ ਇਸ ਸਾਲ ਤੋਂ ਬਾਅਦ ਜਾਰੀ ਨਹੀਂ ਰਹੇਗੀ।’ ਦੂਜੇ ਪਾਸੇ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਦੱਸਣ ਤੋਂ ਇਨਕਾਰ ਕੀਤਾ ਕਿ ਇਰਾਕ ’ਚ ਕਿੰਨੇ ਫ਼ੌਜੀਆਂ ਦੀ ਤਾਇਨਾਤੀ ਰਹੇਗੀ। ਉਨ੍ਹਾਂ ਸਿਰਫ ਏਨਾ ਦੱਸਿਆ ਕਿ ਜ਼ਰੂਰਤ ਮੁਤਾਬਕ ਇਹ ਗਿਣਤੀ ਤੈਅ ਹੋਵੇਗੀ।

2003 ’ਚ ਅਮਰੀਕਾ ਨੇ ਕੀਤਾ ਸੀ ਹਮਲਾ

ਮਾਰਚ 2003 ’ਚ ਅਮਰੀਕਾ ਦੀ ਅਗਵਾਈ ਵਾਲੀ ਗਠਜੋੜ ਫ਼ੌਜ ਨੇ ਇਰਾਕ ’ਤੇ ਹਮਲਾ ਕੀਤਾ ਸੀ। ਇਹ ਹਮਲਾ ਉਨ੍ਹਾਂ ਦੋਸ਼ਾਂ ਦੇ ਆਧਾਰ ’ਤੇ ਕੀਤਾ ਗਿਆ ਸੀ ਕਿ ਤਤਕਾਲੀ ਇਰਾਕੀ ਸ਼ਾਸਕ ਸੱਦਾਮ ਹੁਸੈਨ ਦੀ ਸਰਕਾਰ ਕੋਲ ਵਿਨਾਸ਼ਕਾਰੀ ਹਥਿਆਰ ਹਨ। ਇਸ ਹਮਲੇ ਤੋਂ ਬਾਅਦ ਸੱਦਾਮ ਸੱਤਾ ਤੋਂ ਬੇਦਖ਼ਲ ਹੋ ਗਏ ਸਨ ਪਰ ਅਜਿਹੇ ਹਥਿਆਰ ਕਦੇ ਬਰਾਮਦ ਨਹੀਂ ਹੋਏ।

ਇਸ ਕਾਰਨ ਖ਼ਤਮ ਹੋ ਰਿਹਾ ਹੈ ਮਿਸ਼ਨ

ਨਿਊਜ਼ ਏਜੰਸੀ ਰਾਇਟਰ ਮੁਤਾਬਕ ਸਮਝੌਤੇ ਨਾਲ ਇਰਾਕੀ ਸਰਕਾਰ ਨੂੰ ਬਲ ਮਿਲ ਸਕਦਾ ਹੈ ਕਿਉਂਕਿ ਮੁਸਤਫ਼ਾ ਸਰਕਾਰ ਨੂੰ ਈਰਾਨ ਦੀ ਹਮਾਇਤ ਵਾਲੀਆਂ ਸਿਆਸੀ ਪਾਰਟੀਆਂ ਤੇ ਸੰਸਦੀ ਸਮੂਹਾਂ ਦੇ ਵਧਦੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਦਲ ਤੇ ਸਮੂਹ ਇਰਾਕ ’ਚ ਅਮਰੀਕੀ ਫ਼ੌਜ ਦੀ ਭੂਮਿਕਾ ਦਾ ਵਿਰੋਧ ਕਰਦੇ ਹਨ। ਈਰਾਨ ਦੀ ਹਮਾਇਤ ਵਾਲੇ ਮਿਲੀਸ਼ੀਆ ਸਮੂਹ ਵੀ ਇਹੀ ਚਾਹੁੰਦੇ ਹਨ ਕਿ ਇਰਾਕ ਤੋਂ ਸਾਰੇ ਅਮਰੀਕੀ ਫ਼ੌਜੀਆਂ ਦੀ ਤੁਰੰਤ ਵਾਪਸੀ ਹੋ ਜਾਵੇ। ਇਹ ਸਮੂਹ ਇਰਾਕ ’ਚ ਅਕਸਰ ਹੀ ਉਨ੍ਹਾਂ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ, ਜਿੱਥੇ ਅਮਰੀਕੀ ਫ਼ੌਜੀਆਂ ਦੀ ਮੌਜੂਦਗੀ ਹੈ। ਹਾਲ ਹੀ ’ਚ ਮੁਸਤਫ਼ਾ ਨੇ ਕਿਹਾ ਸੀ ਕਿ ਇਰਾਕ ਨੂੰ ਆਈਐੱਸ ਅੱਤਵਾਦੀਆਂ ਨਾਲ ਮੁਕਾਬਲੇ ’ਚ ਹੁਣ ਅਮਰੀਕੀ ਫ਼ੌਜੀਆਂ ਦੀ ਜ਼ਰੂਰਤ ਨਹੀਂ ਹੈ।

ਆਈਐੱਸ ਦਾ ਖ਼ਤਰਾ ਬਰਕਰਾਰ

ਅਮਰੀਕਾ ਲਈ ਇਹ ਮਿਸ਼ਨ ਰਣਨੀਤਿਕ ਤੌਰ ’ਤੇ ਅਹਿਮ ਹੈ। ਇਰਾਕ ’ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਦੇ ਕਾਫੀ ਕਮਜ਼ੋਰ ਪੈਣ ਤੋਂ ਬਾਅਦ ਵੀ ਖ਼ਤਰਾ ਬਰਕਰਾਰ ਹੈ। ਇਰਾਕ ਤੇ ਸੀਰੀਆ ’ਚ ਹੁਣ ਵੀ ਅੱਠ ਤੋਂ 16 ਹਜ਼ਾਰ ਆਈਐੱਸ ਅੱਤਵਾਦੀਆਂ ਦੀ ਮੌਜੂਦਗੀ ਦਾ ਅੰਦਾਜ਼ਾ ਹੈ। 2017 ’ਚ ਇਰਾਕ ਨੇ ਆਈਐੱਸ ’ਤੇ ਜਿੱਤ ਦਾ ਐਲਾਨ ਕੀਤਾ ਸੀ। ਅਮਰੀਕਾ ਨੇ ਆਈਐੱਸ ਨੂੰ ਹਰਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ।

Related posts

ਦਿੱਲੀ ਦੇਸ਼ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ: ਰਿਪੋਰਟ

On Punjab

India Taiwan Policy : ਕੀ ਹੈ ਭਾਰਤ ਦੀ ‘ਤਾਈਵਾਨ ਨੀਤੀ’, ਮੋਦੀ ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ ਆਇਆ ਵੱਡਾ ਬਦਲਾਅ

On Punjab

ਅਮਰੀਕਾ: ਕਲੱਬ ਦੇ ਬਾਹਰ ਗੋਲੀਬਾਰੀ, 10 ਜ਼ਖ਼ਮੀ

On Punjab