ਬਾਇਡਨ ਪ੍ਰਸ਼ਾਸਨ ਨੇ ਕਿਹਾ ਹੈ ਕਿ ਅਮਰੀਕਾ ਭਾਰਤ ਦੀ ਦਵਾਈ ਸਬੰਧੀ ਜ਼ਰੂਰਤਾਂ ਨੂੰ ਸਮਝਦਾ ਹੈ। ਉਸਨੇ ਕੋਰੋਨਾ ਵੈਕਸੀਨ ਦੇ ਨਿਰਮਾਣ ‘ਚ ਇਸਤੇਮਾਲ ਕੀਤੀ ਜਾਣਵਾਲੀ ਸਮੱਗਰੀ ਦੇ ਮਾਮਲੇ ‘ਤੇ ਬਣਦਾ ਧਿਆਨ ਦੇਣ ਦਾ ਭਰੋਸਾ ਦਿੱਤਾ ਹੈ। ਬਾਇਡਨ ਪ੍ਰਸ਼ਾਸਨ ਨੇ ਕਿਹਾ ਹੈ ਕਿ ਅਮਰੀਕਾ ‘ਚ ਇਕ ਕਾਨੂੰਨ ਹੈ, ਜਿਸ ਤਹਿਤ ਅਮਰੀਕੀ ਕੰਪਨੀਆਂ ਨੂੰ ਘਰੇਲੂ ਮੰਗ ਨੂੰ ਤਰਜੀਹ ਦੇਣੀ ਪੈਂਦੀ ਹੈ।
ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਾਂਗ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਜੰਗ ਸਮੇਂ ਰੱਖਿਆ ਉਤਪਾਦਨ ਕਾਨੂੰਨ ਲਾਗੂ ਕੀਤਾ ਹੋਇਆ ਹੈ। ਇਸ ਤਹਿਤ ਅਮਰੀਕੀ ਕੰਪਨੀਆਂ ਨੂੰ ਕੋਰੋਨਾ ਵੈਕਸੀਨ ਤੇ ਪੀਪੀਈ ਉਤਪਾਦਨ ‘ਚ ਘਰੇਲੂ ਮੰਗ ਨੂੰ ਤਰਜੀਹ ਦੇਣੀ ਪੈਂਦੀ ਹੈ। ਦੱਸਣਯੋਗ ਹੈ ਕਿ ਅਮਰੀਕਾ ਖ਼ੁਦ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਹੈ। ਅਮਰੀਕਾ ‘ਚ ਚਾਰ ਜੁਲਾਈ ਤਕ ਪੂਰੀ ਆਬਾਦੀ ਦਾ ਟੀਕਾਕਰਨ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇੱਥੇ ਮੁੱਖ ਤੌਰ ‘ਤੇ ਮਾਡਰਨਾ ਤੇ ਫਾਈਜ਼ਰ ਦੀ ਵੈਕਸੀਨ ਲਗਾਈ ਜਾ ਰਹੀ ਹੈ। ਇਸ ਲਈ ਅਮਰੀਕੀ ਕੰਪਨੀਆਂ ਦੇ ਸਾਹਮਣੇ ਵੈਕਸੀਨ ਦੇ ਨਿਰਮਾਣ ‘ਚ ਜ਼ਰੂਰੀ ਕੱਚੇ ਮਾਲ ਦੀ ਸਪਲਾਈ ਸਿਰਫ਼ ਘਰੇਲੂ ਉਤਪਾਦਕਾਂ ਨੂੰ ਹੀ ਕਰਨ ਦਾ ਦਬਾਅ ਹੈ।
ਭਰੋਸੇਮੰਦ ਸੂਤਰਾਂ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਨੇ ਭਾਰਤ ਸਰਕਾਰ ਨੂੰ ਸੰਦੇਸ਼ ਭਿਜਵਾਇਆ ਹੈ ਕਿ ਉਹ ਉਸ ਦੀਆਂ ਲੋੜਾਂ ਨੂੰ ਸਮਝਦਾ ਹੈ। ਅਮਰੀਕੀ ਅਧਿਕਾਰੀ ਮੰਨਦੇ ਹਨ ਕਿ ਭਾਰਤ-ਅਮਰੀਕਾ ਵਿਚਾਲੇ ਸਿਹਤ ਸਹਿਯੋਗ ਦਾ ਘੇਰਾ ਵਿਆਪਕ ਹੈ। ਸਮਿਝਆ ਜਾਂਦਾ ਹੈ ਕਿ ਦਿੱਲੀ ਸਥਿਤ ਅਮਰੀਕੀ ਦੂਤਘਰ ਦੇ ਅਧਿਕਾਰੀ ਵੀ ਸਬੰਧਤ ਭਾਰਤੀ ਅਧਿਕਾਰੀਆਂ ਨਾਲ ਸੰਪਰਕ ‘ਚ ਹਨ।
ਬਾਕਸ
ਵ੍ਹਾਈਟ ਹਾਊਸ ਦਾ ਟਿੱਪਣੀ ਤੋਂ ਇਨਕਾਰ
ਕੋਰੋਨਾ ਵੈਕਸੀਨ ਦੇ ਉਤਪਾਦਨ ‘ਚ ਜ਼ਰੂਰੀ ਕੱਚੇ ਮਾਲ ਦੀ ਬਰਾਮਦ ਤੋਂ ਪਾਬੰਦੀ ਹਟਾਉਣ ਦੀ ਸੀਰਮ ਇੰਸਟੀਚਿਊਟ ਦੀ ਅਪੀਲ ‘ਤੇ ਵ੍ਹਾਈਟ ਹਾਊਸ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਵ੍ਹਾਈਟ ਹਾਊਸ ਦੇ ਸਾਹਮਣੇ ਦੋ ਵਾਰ ਇਹ ਮਾਮਲਾ ਉਠਾਇਆ ਗਿਆ। ਇਕ ਵਾਰੀ ਸਵੇਰ ਦੀ ਬ੍ਰੀਫਿੰਗ ਦੌਰਾਨ ਤੇ ਦੂਜੀ ਵਾਰੀ ਵ੍ਹਾਈਟ ਹਾਊਸ ਦੀ ਪ੍ਰਰੈੱਸ ਸਕੱਤਰ ਜੈਨ ਪਾਕੀ ਦੇ ਪੱਤਰਕਾਰ ਸੰਮੇਲਨ ਦੌਰਾਨ। ਸਵੇਰ ਦੀ ਬ੍ਰੀਫਿੰਗ ‘ਚ ਇਨਫੈਕਟਿਡ ਬਿਮਾਰੀ ਮਾਹਿਰ ਐਂਥਨੀ ਫਾਸੀ ਨੇ ਕਿਹਾ ਕਿ ਮੈਨੂੰ ਇਸ ਬਾਰੇ ‘ਚ ਕੁਝ ਨਹੀਂ ਪਤਾ। ਉੱਧਰ, ਜੈਨ ਪਾਕੀ ਨੇ ਇਸ ਗੱਲ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਅਮਰੀਕੀ ਵੈਕਸੀਨ ਨਿਰਮਾਣ ‘ਚ ਇਸਤੇਮਾਲ ਹੋਣ ਵਾਲੀ ਸਮੱਗਰੀ ਦੀ ਬਰਾਮਦ ਦੀ ਇਜਾਜ਼ਤ ਦੇਵੇਗਾ ਜਾਂ ਨਹੀਂ। ਮੀਡੀਆ ‘ਚ ਇਸ ਤਰ੍ਹਾਂ ਦੀਆਂ ਖ਼ਬਰਾਂ ਆਈਆਂ ਹਨ ਕਿ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਐਂਟਨੀ ਬਲਿੰਕਨ ਦੀ ਵਰਚੁਅਲ ਬੈਠਕ ਦੌਰਾਨ ਕੱਚੇ ਮਾਲ ਦੀ ਬਰਾਮਦ ਤੋਂ ਪਾਬੰਦੀ ਹਟਾਉਣ ਦਾ ਸੰਕੇਤ ਦਿੱਤਾ ਗਿਆ। ਪਰ ਪਾਕੀ ਨੇ ਇਸ ‘ਤੇ ਕੁਝ ਨਹੀਂ ਕਿਹਾ। ਸੀਰਮ ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ ਨੇ ਬਾਇਡਨ ਪ੍ਰਸ਼ਾਸਨ ਨੂੰ ਕੱਚੇ ਮਾਲ ਦੀ ਬਰਾਮਦ ਤੋਂ ਪਾਬੰਦੀ ਹਟਾਉਣ ਦੀ ਅਪੀਲ ਕੀਤੀ ਸੀ।