47.37 F
New York, US
November 21, 2024
PreetNama
ਖਾਸ-ਖਬਰਾਂ/Important News

ਬਾਇਡੇਨ ਦੇ ਜਿੱਤ ਨਾਲ ਬਦਲ ਜਾਣਗੇ ਭਾਰਤੀ-ਅਮਰੀਕੀ ਰਿਸ਼ਤੇ! ਕਸ਼ਮੀਰ, ਚੀਨ, ਪਾਕਿਸਤਾਨ ਤੇ ਵੀਜ਼ਾ ਨੀਤੀ ‘ਤੇ ਬਦਲੇਗਾ ਸਟੈਂਡ

ਅਮਰੀਕਾ ਵਿੱਚ ਹਰ ਹਲਚਲ ’ਤੇ ਭਾਰਤ ਦੀਆਂ ਨਜ਼ਰਾਂ ਬਾਰੀਕਬੀਨੀ ਨਾਲ ਲੱਗੀਆਂ ਹੋਈਆਂ ਹਨ। ਉਡੀਕ ਇਸ ਗੱਲ ਦੀ ਹੈ ਕਿ ਜੋਅ ਬਾਇਡੇਨ ਜੇ ਵ੍ਹਾਈਟ ਹਾਊਸ ’ਚ ਡੋਨਾਲਡ ਟਰੰਪ ਦੀ ਥਾਂ ਲੈ ਲੈਂਦੇ ਹਨ, ਤਾਂ ਕੀ ਉਨ੍ਹਾਂ ਦੀ ਇਸ ਜਿੱਤ ਨਾਲ ਭਾਰਤ ਉੱਤੇ ਕੋਈ ਅਸਰ ਪਵੇਗਾ। ਸੁਆਲ ਉੱਠਦਾ ਹੈ ਕਿ ਜੇ ਜੋਅ ਬਾਇਡੇਨ ਅਮਰੀਕਾ ਦੇ ਰਾਸ਼ਟਰਪਤੀ ਬਣਦੇ ਹਨ, ਤਾਂ ਕੀ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਬਦਲ ਜਾਣਗੇ? ਚੀਨ, ਪਾਕਿਸਤਾਨ, ਕਸ਼ਮੀਰ ਬਾਰੇ ਕੀ ਰਾਇ ਰਹੇਗੀ? ਬੇਸ਼ੱਕ ਇਹ ਉਹ ਸੁਆਲ ਹਨ, ਜਿਨ੍ਹਾਂ ਦਾ ਜੁਆਬ ਇਸ ਵੇਲੇ ਭਾਰਤ ਸਰਕਾਰ ਵੀ ਲੱਭ ਰਹੀ ਹੋਵੇਗੀ ਕਿਉਂਕਿ ਇਸੇ ਉੱਤੇ ਭਾਰਤ-ਅਮਰੀਕਾ ਦੇ ਰਿਸ਼ਤਿਆਂ ਦੇ ਅਗਲੇਰੇ ਰਾਹ ਤੈਅ ਹੋਣਗੇ।

ਡੈਮੋਕ੍ਰੈਟਿਕ ਨੀਤੀਆਂ ਮੁਤਾਬਕ ਜੋਅ ਬਾਇਡੇਨ ਦਾ ਪਾਕਿਸਤਾਨ ਪ੍ਰਤੀ ਰਵੱਈਆ ਸਖ਼ਤ ਨਹੀਂ ਹੈ। ਉਝ ਇਸ ਤੋਂ ਪਹਿਲਾਂ ਜਦੋਂ ਡੈਮੋਕ੍ਰੈਟਿਕ ਪਾਰਟੀ ਦੇ ਹੀ ਬਰਾਕ ਓਬਾਮਾ ਅਮਰੀਕੀ ਰਾਸ਼ਟਰਪਤੀ ਸਨ, ਤਦ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਕਾਫ਼ੀ ਚੰਗੀ ਦੋਸਤੀ ਸੀ ਪਰ 8 ਸਾਲ ਅਮਰੀਕਾ ਰਾਸ਼ਟਰਪਤੀ ਰਹਿਣ ਦੇ ਬਾਵਜੂਦ ਓਬਾਮਾ ਨੇ ਪਾਕਿਸਤਾਨ ਉੱਤੇ ਆਰਥਿਕ ਪਾਬੰਦੀਆਂ ਦਾ ਸ਼ਿਕੰਜਾ ਨਹੀਂ ਕਸਿਆ ਪਰ ਗ਼ੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਅੱਤਵਾਦ ਦੇ ਮੁੱਦੇ ਉੱਤੇ ਓਬਾਮਾ ਹੀ ਸਨ, ਜਿਨ੍ਹਾਂ ਨੇ ਪਾਕਿਸਤਾਨ ਵਿੱਚ ਘੁਸ ਕੇ ਓਸਾਮਾ ਬਿਨ ਲਾਦੇਨ ਨੂੰ ਢੇਰ ਕੀਤਾ ਸੀ।

ਉਂਝ ਜੋਅ ਬਾਇਡੇਨ ਭਾਰਤ ਦੀ ਮੋਦੀ ਸਰਕਾਰ ਦੀਆਂ ਕਈ ਨੀਤੀਆਂ ਉੱਤੇ ਸੁਆਲ ਉਠਾ ਚੁੱਕੇ ਹਨ। CAA ਤੇ NRC ਨੂੰ ਲੈ ਕੇ ਵੀ ਬਾਇਡੇਨ ਆਲੋਚਨਾ ਕਰ ਚੁੱਕੇ ਹਨ। ਕੌਮਾਂਤਰੀ ਮੰਚਾਂ ਉੱਤੇ ਗੱਲਬਾਤ ਦੌਰਾਨ ਚਰਚਾ ਵਿੱਚ ਰਹਿਣ ਵਾਲੇ ਭਾਰਤ-ਪਾਕਿਸਤਾਨ ਵਿਚਲੇ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਵੀ ਬਾਇਡੇਨ ਦੇ ਰਵੱਈਏ ਨੂੰ ਭਾਰਤ ਲਈ ਬਹੁਤਾ ਉਤਸ਼ਾਹਜਨਕ ਨਹੀਂ ਕਿਹਾ ਜਾ ਸਕਦਾ। ਬਾਇਡੇਨ ਤਾਂ ਧਾਰਾ 370 ਖ਼ਤਮ ਕਰਨ ਉੱਤੇ ਵੀ ਸੁਆਲ ਉਠਾ ਚੁੱਕੇ ਹਨ ਪਰ ਕਸ਼ਮੀਰ ਮੁੱਦੇ ਉੱਤੇ ਵਿਚੋਲਗੀ ਦੀ ਗੱਲ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਨੂੰ ਵੀ ਸਾਫ਼ ਸ਼ਬਦਾਂ ’ਚ ਆਖ ਦਿੱਤਾ ਸੀ ਕਿ ਇਹ ਅੰਦਰੂਨੀ ਮਾਮਲਾ ਹੈ।ਕਾਰੋਬਾਰ ਦੇ ਮਾਮਲੇ ਉੱਤੇ ਡੈਮੋਕ੍ਰੈਟਿਕ ਉਮੀਦਵਾਰ ਜੋਅ ਬਾਇਡੇਨ ਦੀ ਨੀਤੀ ‘ਅਮਰੀਕਾ ਫ਼ਸਟ’ ਵਾਲੀ ਹੀ ਹੈ। ਇੰਝ ਬਾਇਡੇਨ ਦੀਆਂ ਨੀਤੀਆਂ ਨਾਲ ਭਾਰਤ ਨੂੰ ਕੋਈ ਬਹੁਤਾ ਫ਼ਾਇਦਾ ਨਹੀਂ ਹੋਵੇਗਾ। ਉਂਝ ਬਾਇਡੇਨ ਆਪਣੇ ਇੱਕ ਬਿਆਨ ਵਿੱਚ ਅਮਰੀਕਾ ਤੇ ਭਾਰਤ ਦੇ ਮੱਧ ਵਰਗ ਨੂੰ ਉਤਾਂਹ ਚੁੱਕਣ ਲਈ ਕਾਰੋਬਾਰ ਵਧਾਉਣ ਉੱਤੇ ਜ਼ੋਰ ਦੇਣ ਦੀ ਗੱਲ ਆਖਾ ਚੁੱਕੇ ਹਨ। ਇਹ ਵੀ ਦੱਸ ਦੇਈਏ ਕਿ ਟਰੰਪ ਦੇ ਐੱਚ-1ਬੀ ਵੀਜ਼ਾ ਰੱਦ ਕਰਨ ਦੇ ਫ਼ੈਸਲੇ ਦਾ ਵੀ ਬਾਇਡੇਨ ਨੇ ਵਿਰੋਧ ਕੀਤਾ ਸੀ। ਇਹ ਵੀਜ਼ਾ ਰੱਦ ਹੋਣ ਨਾਲ ਭਾਰਤ ਦੇ ਆਈਟੀ ਪ੍ਰੋਫ਼ੈਸ਼ਨਲਜ਼ ਨੂੰ ਨੁਕਸਾਨ ਹੋਇਆ ਹੈ।

ਟਰੰਪ ਵਾਂਗ ਜੋਅ ਬਾਇਡੇਨ ਵੀ ਚੀਨ ਦੇ ਵਿਰੋਧ ’ਚ ਹਨ। ਸਰਹੱਦ ਉੱਤੇ ਹਮਲਾਵਰ ਰੁਖ਼ ਦਾ ਵਿਰੋਧ ਕਰਨ ਵਾਲੇ ਬਾਇਡੇਨ ਚੀਨ ਦੇ ਮਾਮਲੇ ਨੂੰ ਰਣਨੀਤਕ ਤੌਰ ਉੱਤੇ ਸੁਲਝਾਉਣ ਦੀ ਵਕਾਲਤ ਕਰਦੇ ਰਹੇ ਹਨ। ਇਸ ਮਾਮਲੇ ਵਿੱਚ ਬਾਇਡੇਨ ਸਮੇਂ-ਸਮੇਂ ਉੱਤੇ ਭਾਰਤ ਦੀ ਹਮਾਇਤ ਵਿੱਚ ਬਿਆਨ ਦਿੰਦੇ ਰਹੇ ਹਨ। ਪਿੱਛੇ ਜਿਹੇ ਜਦੋਂ ਟਰੰਪ ਨੇ ਭਾਰਤ ਨੂੰ ‘ਗੰਦਾ’ ਆਖਿਆ ਸੀ, ਤਦ ਬਾਇਡੇਨ ਨੇ ਟਰੰਪ ਦੀ ਤਿੱਖੀ ਆਲੋਚਨਾ ਕੀਤੀ ਸੀ।ਤਦ ਬਾਇਡੇਨ ਨੇ ਆਖਿਆ ਸੀ-ਅਸੀਂ ਭਾਰਤ ਨਾਲ ਆਪਣੀ ਦੋਸਤੀ ਦੀ ਕਦਰ ਕਰਦੇ ਹਾਂ। ਅੱਤਵਾਦ ਵਿਰੁੱਧ ਅਮਰੀਕਾ ਇਸ ਵੇਲੇ ਭਾਰਤ ਨਾਲ ਹੈ। ਅਸੀਂ ਭਾਰਤ ਨਾਲ ਮਿਲ ਕੇ ਖੇਤਰ ਵਿੱਚ ਸ਼ਾਂਤੀ ਸਥਾਪਤ ਕਰਨੀ ਚਾਹੁੰਦੇ ਹਾਂ, ਜਿੱਥੇ ਚੀਨ ਜਾਂ ਕਿਸੇ ਹੋਰ ਤੋਂ ਆਪਣੇ ਗੁਆਂਢੀ ਨੂੰ ਖ਼ਤਰਾ ਨਾ ਹੋਵੇ।

Related posts

ਦੁਨੀਆ ਦਾ ਸਭ ਤੋਂ ਖ਼ਤਰਨਾਕ ਡਰੱਗ ਤਸਕਰ ਯੂਸੁਗਾ ਗ੍ਰਿਫ਼ਤਾਰ, 43 ਕਰੋੜ ਦਾ ਸੀ ਇਨਾਮ, ਰਾਸ਼ਟਰਪਤੀ ਨੇ ਦਿੱਤੀ ਜਾਣਕਾਰੀ

On Punjab

ਹੁਣ ਭਾਰਤ-ਪਾਕਿਸਤਾਨ ਵਿਚਾਲੇ ਜੰਗ ਦੀ ਤਿਆਰੀ, ਇਮਰਾਨ ਖਾਨ ਨੇ ਦਿੱਤੀ ਚੇਤਾਵਨੀ

On Punjab

ਗੁਰਦੁਆਰਾ ਦੂਖਨਿਵਾਰਨ ਵਿਖੇ ਪੰਚਮੀ ਦਿਹਾੜਾ ਸ਼ਰਧਾ ਨਾਲ ਮਨਾਇਆ

On Punjab