ਨਿਊਯਾਰਕ: ਮਾਈਕ੍ਰੋਸੌਫਟ ਤੇ ਬਾਈਟਡਾਂਸ ਵਿਚਾਲੇ ਟਿੱਕਟੌਕ ਦੇ ਯੂਐਸ ਸੰਚਾਲਨ ਨੂੰ ਖਰੀਦਣ ਦੀ ਡੀਲ ਉਲਝਦੀ ਜਾ ਰਹੀ ਹੈ। ਅਮਰੀਕੀ ਦਿੱਗਜ ਟੈਕਨਾਲੌਜੀ ਕੰਪਨੀ ਮਾਈਕ੍ਰੋਸਾਫਟ ਨੇ ਐਤਵਾਰ ਨੂੰ ਕਿਹਾ ਕਿ ਟਿਕਟੌਕ ਖਰੀਦਣ ਦੀ ਉਸ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਗਿਆ ਹੈ। ਇਸ ਦੇ ਅਮਰੀਕੀ ਕਾਰੋਬਾਰ ਨੂੰ ਬੰਦ ਕਰਨ ਜਾਂ ਵੇਚਣ ਲਈ ਟਿੱਕਟੌਕ ਦੀ ਅੰਤਮ ਤਾਰੀਖ ਖ਼ਤਮ ਹੋਣ ਵਾਲੀ ਹੈ।
ਦੱਸ ਦਈਏ ਕਿ ਟਿਕਟੌਕ ਅਮਰੀਕਾ ਤੇ ਚੀਨ ਵਿਚਾਲੇ ਵਿਵਾਦ ਦਾ ਕੇਂਦਰ ਬਣਿਆ ਹੋਇਆ ਹੈ। ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਕੰਪਨੀਆਂ ਨੂੰ ਟਿਕਟੌਕ ਦੀ ਮੁੱਢਲੀ ਕੰਪਨੀ ਬਾਈਟਡਾਂਸ ਨਾਲ ਵਪਾਰ ਰੋਕਣ ਲਈ ਅੰਤਮ ਤਾਰੀਖ ਤੈਅ ਕੀਤੀ ਸੀ। ਟਰੰਪ ਨੇ ਦਾਅਵਾ ਕੀਤਾ ਸੀ ਕਿ ਚੀਨ ਟਿਕਟੌਕ ਦੀ ਵਰਤੋਂ ਸਰਕਾਰੀ ਮੁਲਾਜ਼ਮਾਂ ਦੀ ਸਥਿਤੀ ਦਾ ਪਤਾ ਲਾਉਣ, ਬਲੈਕਮੇਲ ਕਰਨ ਲਈ ਡੌਜ਼ੀਅਰ ਬਣਾਉਣ ਤੇ ਕਾਰਪੋਰੇਟ ਜਾਸੂਸੀ ਕਰਨ ਲਈ ਕਰ ਸਕਦਾ ਹੈ।ਟਿਕਟੌਕ ਦੇ ਮਾਲਕ ਦਾ ਜ਼ਿਕਰ ਕਰਦਿਆਂ, ਅਮਰੀਕੀ ਤਕਨੀਕੀ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ, “ਬਾਈਟਡਾਂਸ ਨੇ ਅੱਜ ਸਾਨੂੰ ਦੱਸਿਆ ਕਿ ਉਹ ਟਿਕਟੌਕ ਦੇ ਯੂਐਸ ਓਪਰੇਸ਼ਨ ਮਾਈਕ੍ਰੋਸਾਫਟ ਨੂੰ ਨਹੀਂ ਵੇਚਣਗੇ।” ਬਿਆਨ ਵਿਚ ਕਿਹਾ ਗਿਆ ਹੈ, “ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੀ ਤਜਵੀਜ਼ ਟਿਕਟੌਕ ਦੇ ਉਪਭੋਗਤਾਵਾਂ ਲਈ ਚੰਗੀ ਹੈ। ਇਹ ਰਾਸ਼ਟਰੀ ਸੁਰੱਖਿਆ ਹਿੱਤਾਂ ਦੀ ਰੱਖਿਆ ਵੀ ਕਰਦਾ ਹੈ।”
ਟਰੰਪ ਦੇ ਹੁਕਮਾਂ ਤੋਂ ਬਾਅਦ ਮਾਈਕ੍ਰੋਸਾਫਟ ਤੇ ਓਰੇਕਲ ਟਿਕਟੌਕ ਦੇ ਅਮਰੀਕੀ ਕਾਰਜਾਂ ਨੂੰ ਖਰੀਦਣ ਲਈ ਸਭ ਤੋਂ ਸ਼ਕਤੀਸ਼ਾਲੀ ਦਾਅਵੇਦਾਰ ਮੰਨੇ ਜਾ ਰਹੇ ਸੀ।