ਚੰਡੀਗੜ੍ਹ: ਭਾਰਤੀ ਹਵਾਈ ਫ਼ੌਜ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਵਿੱਚ ਏਅਰ ਸਟ੍ਰਾਈਕ ‘ਤੇ ਆਪਣੀ ਸਹਿਮਤੀ ਜਤਾਉਣ ਵਾਲੀ ਇਟਲੀ ਦੀ ਪੱਤਰਕਾਰ ਦੀ ਵੈਬਸਾਈਟ ਹੈਕ ਕਰਕੇ ਜਾਣਕਾਰੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਯਾਦ ਰਹੇ ਹਾਲ ਹੀ ਵਿੱਚ ਇਟਲੀ ਦੀ ਪੱਤਰਕਾਰ ਫਰਾਂਸੈਸਕਾ ਮਰੀਨੋ ਨੇ ਇਸ ਖ਼ਬਰ ‘ਤੇ ਮੁਹਰ ਲਾਉਂਦਿਆਂ ਕਿਹਾ ਸੀ ਕਿ ਏਅਰ ਸਟ੍ਰਾਈਕ ਵਿੱਚ 130 ਤੋਂ 170 ਅੱਤਵਾਦੀ ਮਾਰੇ ਗਏ ਸੀ ਤੇ ਕਈ ਜ਼ਖ਼ਮੀ ਹੋਏ।
ਇਤਾਵਲੀ ਪੱਤਰਕਾਰ ਫਰਾਂਸੈਸਕਾ ਨੇ ਖ਼ੁਦ ਟਵੀਟ ਕਰਕੇ ਆਪਣੀ ਵੈਬਸਾਈਟ ਹੈਕ ਹੋਣ ਦੀ ਜਾਣਕਾਰੀ ਸਾਂਝੀ ਕੀਤੀ। ਉਸ ਨੇ ਟਵੀਟ ਕੀਤਾ ਕਿ ਉਸ ਦੀ ਵੈਬਸਾਈਟ ‘ਸਟ੍ਰਿੰਗਰਏਸ਼ੀਆ’ ਨੂੰ ਕੁਝ ਲੋਕਾਂ ਨੇ ਹੈਕ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਟਲੀ ਦੀ ਪੱਤਰਕਾਰ ਫਰਾਂਸੇਸਕਾ ਮਰੀਨੋ ਨੇ ਕਿਹਾ ਕਿ ਏਅਰ ਸਟ੍ਰਾਈਕ ਵਿੱਚ 130-170 ਅੱਤਵਾਦੀ ਮਾਰੇ ਗਏ ਸਨ। 20 ਅੱਤਵਾਦੀਆਂ ਦੀ ਇਲਾਜ ਦੌਰਾਨ ਮੌਤ ਹੋਈ ਤੇ 45 ਹਾਲੇ ਵੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਹਮਲੇ ਵਿੱਚ 11 ਟ੍ਰੇਨਰਸ ਵੀ ਮਾਰੇ ਗਏ ਹਨ। ਇਸ ਖ਼ੁਲਾਸੇ ਮਗਰੋਂ ਮਰੀਨੋ ਕੁਝ ਲੋਕਾਂ ਦੇ ਨਿਸ਼ਾਨੇ ‘ਤੇ ਆ ਗਈ।
ਮਰੀਨੋ 2010 ਵਿੱਚ ਸੁਰਖ਼ੀਆਂ ਵਿੱਚ ਆਈ ਸੀ ਜਦੋਂ ਉਸ ਨੇ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀਆ ਹਾਫ਼ਿਜ਼ ਸਈਦ ਦੀ ਇੰਟਰਵਿਊ ਲਈ ਸੀ। ਮਰੀਨੋ ਨੇ ਆਪਣੀ ਕਿਤਾਬ ‘ਅਪੋਕੈਪਲਿਸ ਪਾਕਿਸਤਾਨ’ ਵਿੱਚ ਲਿਖਿਆ ਸੀ ਕਿ ਦੁਨੀਆ ਭਰ ਦੇ ਸਭ ਤੋਂ ਖ਼ਤਰਨਾਕ ਦੇਸ਼ਾਂ ਵਿੱਚ ਇੱਕ ਪਾਕਿਸਤਾਨ ਹੈ ਜੋ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ ਤੇ ਕਈ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਂਦਾ ਹੈ। ਇਸ ਕਿਤਾਬ ਕਰਕੇ ਪਾਕਿਸਤਾਨ ਨੇ ਮਰੀਨੋ ‘ਤੇ ਪਾਬੰਧੀ ਲਾ ਦਿੱਤੀ ਹੈ।