ਮੁੰਬਈ-ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋਂ (Bollywood actor Poonam Dhillon) ਦੇ ਘਰੋਂ 1 ਲੱਖ ਰੁਪਏ ਦੀ ਕੀਮਤ ਵਾਲੀ ਹੀਰੇ ਦੀ ਕੰਨਾਂ ਦੀ ਵਾਲੀ, 35000 ਰੁਪਏ ਨਕਦ ਅਤੇ 500 ਅਮਰੀਕੀ ਡਾਲਰ ਚੋਰੀ ਕਰਨ ਦੇ ਮਾਮਲੇ ਵਿੱਚ ਇੱਕ 37 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਪੁਲੀਸ ਨੇ ਦਿੱਤੀ ਹੈ।
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਸਮੀਰ ਅੰਸਾਰੀ ਨੂੰ 28 ਦਸੰਬਰ ਤੋਂ 5 ਜਨਵਰੀ ਦੇ ਵਿਚਕਾਰ ਖਾਰ ਖੇਤਰ ਵਿੱਚ ਢਿੱਲੋਂ ਦੇ ਫਲੈਟ ਦਾ ਰੰਗ-ਰੋਗ਼ਨ ਕਰਨ ਲਈ ਰੱਖਿਆ ਗਿਆ ਸੀ, ਜਿਸ ਦੌਰਾਨ ਉਸ ਨੇ ਇਕ ਖੁੱਲ੍ਹੀ ਅਲਮਾਰੀ ਦੇਖ ਕੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਅੰਸਾਰੀ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਅਧਿਕਾਰੀ ਨੇ ਕਿਹਾ ਕਿ ਉਸ ਨੇ ਫਲੈਟ ਨੂੰ ਪੇਂਟ ਕਰਨ ਵਾਲੀ ਟੀਮ ਵਿਚ ਸ਼ਾਮਲ ਆਪਣੇ ਹੋਰ ਸਾਥੀਆਂ ਨੂੰ ਪਾਰਟੀ ਦੇਣ ਲਈ 9,000 ਰੁਪਏ ਖਰਚ ਕੀਤੇ, ਪਰ ਪੁਲੀਸ ਨੇ ਉਸ ਕੋਲੋਂ 25,000 ਰੁਪਏ ਨਕਦ, 500 ਅਮਰੀਕੀ ਡਾਲਰ ਅਤੇ ਹੀਰੇ ਦੀ ਕੰਨਾਂ ਦੀ ਵਾਲੀ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕਰ ਲਈ। ਚੋਰੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਢਿੱਲੋਂ ਦਾ ਪੁੱਤਰ ਅਨਮੋਲ 5 ਜਨਵਰੀ ਨੂੰ ਦੁਬਈ ਤੋਂ ਵਾਪਸ ਘਰ ਆਇਆ, ਜਿਸ ਤੋਂ ਬਾਅਦ ਉਸ ਦੇ ਮੈਨੇਜਰ ਸੰਦੇਸ਼ ਚੌਧਰੀ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ।
ਫ਼ਿਲਮ ‘ਨੂਰੀ’ ਲਈ ਨਾਮ ਕਮਾਉਣ ਵਾਲੀ ਅਦਾਕਾਰਾ ਪੂਨਮ ਢਿੱਲੋਂ ਉਂਝ ਜ਼ਿਆਦਾਤਰ ਆਪਣੇ ਜੁਹੂ ਵਾਲੇ ਘਰ ਵਿੱਚ ਰਹਿੰਦੀ ਹੈ। ਉਸ ਦਾ ਪੁੱਤਰ ਕਈ ਵਾਰ ਖਾਰ ਸਥਿਤ ਇਸ ਫਲੈਟ ਵਿੱਚ ਰਹਿੰਦਾ ਹੈ। ਅਧਿਕਾਰੀ ਨੇ ਦੱਸਿਆ ਕਿ ਅੰਸਾਰੀ ਨੂੰ ਭਾਰਤੀ ਨਿਆਏ ਸੰਹਿਤਾ (BNS) ਦੀਆਂ ਸਬੰਧਤ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਹੋਰ ਜਾਂਚ ਜਾਰੀ ਹੈ।