ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸਰੋਜ ਖਾਨ ਨੇ ਸ਼ੁੱਕਰਵਾਰ ਦੇਰ ਰਾਤ 1 ਵਜ ਕੇ 52 ਮਿੰਟ ‘ਤੇ ਆਖਰੀ ਸਾਹ ਲਏ। ਉਨ੍ਹਾਂ ਨੂੰ ਸਾਹ ਲੈਣ ‘ਚ ਤਕਲੀਫ ਕਾਰਨ 20 ਜੂਨ ਨੂੰ ਬਾਂਦਰਾ ਸਥਿਤ ਗੁਰੂ ਨਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।
ਸਰੋਜ ਖਾਨ ਦਾ ਕੋਰੋਨਾ ਟੈਸਟ ਵੀ ਕਰਵਾਇਆ ਗਿਆ ਸੀ ਪਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਸੀ। ਬੀਤੀ ਰਾਤ ਅਚਾਨਕ ਉਨ੍ਹਾਂ ਦੀ ਸਿਹਤ ਵਿਗੜੀ ਤੇ ਦਿਲ ਦਾ ਦੌਰਾ ਪੈਣ ਕਾਰਨ ਸਰੋਜ ਖਾਨ ਦੀ ਮੌਤ ਹੋ ਗਈ। ਉਨ੍ਹਾਂ ਦਾ ਜਨਮ 22 ਨਵੰਬਰ, 1948 ‘ਚ ਨਿਰਮਲਾ ਨਾਗਪਾਲ ਦੇ ਰੂਪ ‘ਚ ਹੋਇਆ ਸੀ।
ਬਤੌਰ ਬੱਚਾ ਕਲਾਕਾਰ ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਤਿੰਨ ਸਾਲ ਦੀ ਉਮਰ ‘ਚ ਉਨ੍ਹਾਂ ਕੰਮ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ 50ਵੇਂ ਦਹਾਕੇ ‘ਚ ਉਨ੍ਹਾਂ ਕਈ ਬਾਲੀਵੁੱਡ ਫਿਲਮਾਂ ‘ਚ ਬਤੌਰ ਬੈਕਗਰਾਊਂਡ ਡਾਂਸਰ ਕੰਮ ਕੀਤਾ। ਬਾਅਦ ‘ਚ ਉਨ੍ਹਾਂ ਕੋਰੀਓਗ੍ਰਾਫਰ ਬੀ ਸੋਹਨਲਾਲ ਤੋਂ ਟ੍ਰੇਨਿੰਗ ਲਈ ਅਤੇ ‘ਗੀਤਾ ਮੇਰਾ ਨਾਂਅ’ ਤੋਂ ਕੋਰੀਓਗ੍ਰਾਫਰ ਦੇ ਤੌਰ ‘ਤੇ ਆਪਣਾ ਕਰੀਅਰ ਸ਼ੁਰੂ ਕੀਤਾ।