PreetNama
ਖੇਡ-ਜਗਤ/Sports News

ਬਾਹਾਂ ਦੇ ਅਥਾਹ ਜ਼ੋਰ ਵਾਲਾ ਪੈਰਾ ਐਥਲੀਟ ਸੰਦੀਪ ਚੌਧਰੀ

ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਨੂੰ ਖੇਡਾਂ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ। ਕਈ ਕੌਮੀ ਤੇ ਕੌਮਾਂਤਰੀ ਖਿਡਾਰੀਆਂ ਤੋਂ ਇਲਾਵਾ ਇਸ ਕਾਲਜ ਨੇ ਭਾਰਤ ਨੂੰ ਹਾਕੀ ਦੇ ਚਾਰ ਓਲੰਪੀਅਨ ਵੀ ਦਿੱਤੇ ਹਨ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਇਸ ਵਾਰ ਦੇ ਟੋਕੀਓ-2020 ਪੈਰਾਲੰਪਿਕਸ ’ਚ ਸ਼ਾਮਲ ਹੋਏ ਭਾਰਤੀ ਵਫ਼ਦ ’ਚ ਇਸ ਕਾਲਜ ਦਾ ਇਕ ਸਾਬਕਾ ਵਿਦਿਆਰਥੀ ਸੰਦੀਪ ਚੌਧਰੀ ਵੀ ਹਿੱਸਾ ਲੈ ਰਿਹਾ ਹੈ। ਉਸ ਦੇ ਨਾਂ ਪੈਰਾ-ਜੈਵਲਿਨ ਦਾ ਆਲਮੀ ਰਿਕਾਰਡ ਰਿਕਾਰਡ ਬੋਲਦਾ ਹੈ। ਖੇਡ ਮਾਹਿਰਾਂ ਮੁਤਾਬਿਕ ਇਸ ਪੈਰਾਲੰਪਿਕਸ ’ਚ ਵੀ ਉਸ ਨੂੰ ਐੱਫ-64 ਜੈਵਲਿਨ ਥਰੋ ਕੈਟੇਗਰੀ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ ।

ਬਚਪਨ ਤੋਂ ਹੀ ਖੇਡਾਂ ’ਚ ਰੁਚੀ

ਸੰਦੀਪ ਚੌਧਰੀ ਖੇਤਰੀ ਨਗਰ, ਰਾਜਸਥਾਨ ਵਿਖੇ 10 ਅਪ੍ਰੈਲ 1996 ਨੂੰ ਪੈਦਾ ਹੋਇਆ। ਉਸ ਦੇ ਪਿਤਾ ਪ੍ਰਧਾਨ ਮੰਤਰੀ ਸੁਰੱਖਿਆ ਘੇਰੇ ਵਿਚ ਬਤੌਰ ਕਮਾਂਡੋ ਸੇਵਾ ਕਰ ਚੁੱਕੇ ਹਨ। ਉਸ ਦੇ ਪਰਿਵਾਰ ਨੇ ਹਮੇਸ਼ਾ ਖੇਡਾਂ ਨੂੰ ਉਤਸ਼ਾਹਿਤ ਕੀਤਾ ਹੈ। ਉਹ ਬਚਪਨ ਤੋਂ ਹੀ ਖੇਡਾਂ ’ਚ ਰੁਚੀ ਰੱਖਣ ਲੱਗਾ। ਉਹ ਪਹਿਲਾਂ ਕੌਮੀ ਪੱਧਰ ਤਕ ਬੈਡਮਿੰਟਨ ਤੇ ਵਾਲੀਬਾਲ ਵੀ ਖੇਡਿਆ ਸੀ ਪਰ ਆਖ਼ਰ ਉਸ ਨੇ ਜੈਵਲਿਨ ’ਚ ਆਪਣਾ ਕਰੀਅਰ ਬਣਾਉਣ ਦਾ ਫ਼ੈਸਲਾ ਕਰ ਲਿਆ।

12 ਸਾਲ ਦੀ ਉਮਰ ’ਚ ਲੱਗੀ ਸੱਟ

ਸੰਦੀਪ ਦੀ ਜ਼ਿੰਦਗੀ ’ਚ ਇਕ ਦੁਖਦਾਈ ਮੋੜ ਆਇਆ, ਜਿਸ ਨੇ ਉਸ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਉਹ ਮਹਿਜ਼ 12 ਸਾਲਾਂ ਦਾ ਸੀ ਜਦੋਂ 2008 ’ਚ ਉਸ ਨੇ ਖੇਡਦਿਆਂ ਆਪਣੇ ਲੱਕ ’ਤੇ ਸੱਟ ਮਰਵਾ ਲਈ। ਪਹਿਲਾਂ ਉਸ ਨੂੰ ਸੱਟ ਦੀ ਗੰਭੀਰਤਾ ਦਾ ਅਹਿਸਾਸ ਨਹੀਂ ਹੋਇਆ ਪਰ ਹੌਲੀ- ਹੌਲੀ ਉਸ ਦੇ ਅੰਦਰੂਨੀ ਹਿੱਪ ਜੋੜ ’ਚ ਪੱਸ ਬਣਨੀ ਸ਼ੁਰੂ ਹੋ ਗਈ। ਮਾਪਿਆਂ ਨੇ ਫੌਰਨ ਦੀ ਸਰਜਰੀ ਕਰਵਾਈ ਪਰ ਬਦਕਿਸਮਤੀ ਨਾਲ ਇਹ ਸਰਜਰੀ ਪੂਰੀ ਤਰ੍ਹਾਂ ਕਾਮਯਾਬ ਨਹੀਂ ਰਹੀ, ਜਿਸ ਕਾਰਨ ਉਸ ਦੀ ਇਕ ਲੱਤ ਦੇ ਵਾਧੇ ਉੱਪਰ ਅਸਰ ਹੋਇਆ। ਜਵਾਨੀ ਦੀ ਦਹਿਲੀਜ਼ ’ਤੇ ਆਉਂਦਿਆਂ ਉਸ ਦੀ ਇਕ ਲੱਤ ਦੂਜੀ ਲੱਤ ਦੇ ਮੁਕਾਬਲੇ ਛੋਟੀ ਰਹਿ ਗਈ ਪਰ ਉਹ ਅਜੇ ਵੀ ਤੁਰ ਸਕਦਾ ਸੀ, ਜਿਸ ਦਾ ਮਤਲਬ ਸੀ ਕਿ ਉਹ ਅਜੇ ਵੀ ਖੇਡ ਸਕਦਾ ਸੀ। ਖੇਡਾਂ ਪ੍ਰਤੀ ਉਸ ਦੀ ਅਥਾਹ ਇੱਛਾ ਸ਼ਕਤੀ ਨੇ ਉਸ ਨੂੰ ਬੈਡਮਿੰਟਨ ਖੇਡਣ ਵੱਲ ਪ੍ਰੇਰਿਆ।

ਬੈਡਮਿੰਟਨ ਵੱਲ ਪੈਦਾ ਹੋਇਆ ਰੁਝਾਨ

ਬੈਡਮਿੰਟਨ ਖੇਡਣ ਵੱਲ ਸੰਦੀਪ ਦਾ ਰੁਝਾਨ ਉਸ ਵੇਲੇ ਬਣਿਆ ਜਦ ਇਕ ਦਿਨ ਉਸ ਦਾ ਦੋਸਤ ਉਸ ਕੋਲ ਰੋਂਦਾ ਹੋਇਆ ਆਇਆ ਤੇ ਬਹੁਤ ਭਾਵੁਕ ਹੋ ਕੇ ਦੱਸਿਆ ਕਿ ਉਹ ਆਪਣੇ ਛੋਟੇ ਕੱਦ ਕਾਰਨ ਜ਼ਿਲ੍ਹਾ ਪੱਧਰ ’ਤੇ ਬੈਡਮਿੰਟਨ ’ਚ ਹਾਰ ਗਿਆ। ਉਸ ਦੀ ਇਹ ਗੱਲ ਸੁਣ ਕੇ ਅੱਲ੍ਹੜ ਉਮਰ ਦੇ ਸੰਦੀਪ ਨੇ ਸੋਚਿਆ ਕਿ ਉਸ ਦਾ ਆਪਣਾ ਕੱਦ ਤਾਂ ਲੰਬਾ ਹੈ, ਇਸ ਦਾ ਮਤਲਬ ਉਹ ਬੈਡਮਿੰਟਨ ’ਚ ਕਾਮਯਾਬ ਹੋ ਸਕਦਾ ਹੈ ਤੇ ਹੋਇਆ ਵੀ ਇੰਝ ਹੀ। 2010 ਤੇ 2011 ’ਚ ਉਸ ਨੇ ਸਭ ਤੋਂ ਪਹਿਲਾਂ ਬੈਡਮਿੰਟਨ ’ਚ ਨਾਮਣਾ ਖੱਟਦਿਆਂ ਜ਼ਿਲ੍ਹਾ, ਰਾਜ ਤੇ ਰਾਸ਼ਟਰੀ ਪੱਧਰ ਦੇ ਕਈ ਮੁਕਾਬਲੇ ਜਿੱਤੇ।

ਕਈ ਆਲਮੀ

ਮੁਕਾਬਲਿਆਂ ’ਚ ਜਿੱਤੇ ਤਗਮੇ

ਕੌਮੀ ਚੈਂਪੀਅਨ ਬਣਨ ਤੋਂ ਬਾਅਦ ਸੰਦੀਪ ਨੇ ਆਲਮੀ ਮੁਕਾਬਲਿਆਂ ’ਚ ਕਈ ਤਗਮੇ ਵੀ ਜਿੱਤੇ। 2016 ’ਚ ਉਸ ਨੇ ਦੁਬਈ ’ਚ ਹੋਈ ਫੈਜਾ ਵਿਸ਼ਵ ਪੈਰਾ-ਅਥਲੈਟਿਕਸ ਚੈਂਪੀਅਨਸ਼ਿਪ ਦੇ ਨਾਲ ਜਰਮਨੀ ਵਿਖੇ ਹੋਈ ਬਰਲਿਨ ਓਪਨ ’ਚ ਵੀ ਸੋਨ ਤਮਗਾ ਜਿੱਤਿਆ। ਉਹ ਰੀਓ ਪੈਰਾਲੰਪਿਕਸ 2016 ’ਚ ਚੌਥੇ ਸਥਾਨ ’ਤੇ ਰਹਿ ਕੇ ਪੋਡੀਅਮ ਫਿਨਿਸ਼ ਤੋਂ ਖੁੰਝ ਗਿਆ ਸੀ। ਉਸ ਨੇ ਆਈ.ਪੀ.ਸੀ. ਵਰਲਡ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਲੰਡਨ, 2017 ’ਚ ਪੰਜਵਾਂ ਸਥਾਨ ਹਾਸਲ ਕੀਤਾ। ਉਸ ਨੇ ਇੰਡੋਨੇਸ਼ੀਆ ਦੇ ਜਕਾਰਤਾ ਵਿਖੇ 2018 ਏਸ਼ੀਅਨ ਪੈਰਾ ਖੇਡਾਂ ’ਚ ਭਾਰਤ ਦੀ ਪ੍ਰਤੀਨਿਧਤਾ ਕੀਤੀ, ਜਿੱਥੇ ਉਸ ਨੇ ਸੋਨ ਤਗਮਾ ਜਿੱਤਿਆ ਤੇ ਐੱਫ 42-44/61-64 ਸ਼੍ਰੇਣੀ ’ਚ ਤੀਜੀ ਥਰੋਅ ਨਾਲ 60.01 ਮੀਟਰ ਦਾ ਨਵਾਂ ਆਲਮੀ ਰਿਕਾਰਡ ਕਾਇਮ ਕੀਤਾ। ਪਿਛਲਾ ਆਲਮੀ ਰਿਕਾਰਡ 1980 ’ਚ ਚੀਨੀ ਅਥਲੀਟ ਗਾਓ ਮਿੰਗਜੀ ਵੱਲੋਂ ਬਣਾਇਆ ਗਿਆ ਸੀ। ਵਰਲਡ ਪੈਰਾ ਐਥਲੈਟਿਕਸ 2021 ਦੁਬਈ ਗ੍ਰੈਂਡ ਪ੍ਰੀਕਸ ’ਚ ਉਸ ਨੇ 61.22 ਮੀਟਰ ਨਾਲ ਸੋਨ ਤਗਮਾ ਜਿੱਤਿਆ ਸੀ। ਇਸ ਤੋਂ ਪਹਿਲਾਂ ਦੁਬਈ, ਸੰਯੁਕਤ ਅਰਬ ਅਮੀਰਾਤ ’ਚ ਹੀ 2019 ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ’ਚ ਉਸ ਨੇ 66.18 ਮੀਟਰ ਦਾ ਆਲਮੀ ਰਿਕਾਰਡ ਬਣਾ ਕੇ ਸੋਨ ਤਗਮਾ ਜਿੱਤਿਆ ਸੀ, ਜੋ ਕਿ ਅੱਜ ਤਕ ਉਸ ਦੀ ਸਭ ਤੋਂ ਵੱਡੀ ਪ੍ਰਾਪਤੀ ਬਣੀ ਹੋਈ ਹੈ।

24 ਅਗਸਤ ਤੋਂ ਸ਼ੁਰੂ ਹੋਈ ਟੋਕੀਓ-2020 ਪੈਰਾਲੰਪਿਕਸ ’ਚ ਸਭ ਦੀਆਂ ਨਜ਼ਰਾਂ ਇਸ ਆਲਮੀ ਰਿਕਾਰਡ ਜੇਤੂ ’ਤੇ ਹੋਣਗੀਆਂ, ਜੋ 30 ਅਗਸਤ ਨੂੰ ਐੱਫ-64 ਜੈਵਲਿਨ ਥਰੋ ਮੁਕਾਬਲੇ ’ਚ ਆਪਣੇ ਜੌਹਰ ਦਿਖਾਵੇਗਾ। ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਦੀ ਪ੍ਰਬੰਧਕੀ ਕਮੇਟੀ, ਪਿ੍ਰੰਸੀਪਲ, ਸਟਾਫ ਤੇ ਵਿਦਿਆਰਥੀ ਉਸ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਨ ਤੇ ਆਸ ਕਰਦੇ ਹਨ ਕਿ ਉਹ ਨਵੇਂ ਆਲਮੀ ਰਿਕਾਰਡ ਨਾਲ ਪੈਰਾਲੰਪਿਕਸ ਗੋਲਡ ਮੈਡਲ ਜਿੱਤ ਕੇ ਦੇਸ਼ ਤੇ ਕਾਲਜ ਦਾ ਨਾਂ ਉੱਚਾ ਕਰੇਗਾ।

ਬੈਡਮਿੰਟਨ ਤੇ ਵਾਲੀਬਾਲ ’ਚ ਖੱਟਿਆ ਨਾਮਣਾ

ਜਿਵੇਂ ਕਹਿੰਦੇ ਹਨ ਇਕ ਚੰਗੇ ਖਿਡਾਰੀ ਅੰਦਰ ਖੇਡ ਭਾਵਨਾ ਬਹੁਤ ਪ੍ਰਬਲ ਹੁੰਦੀ ਹੈ। ਆਪਣੀ ਇਸ ਭਾਵਨਾ ਰਾਹੀਂ ਹੀ ਉਹ ਹਰ ਇਕ ਖੇਡ ’ਚ ਨਿਪੁੰਨ ਹੁੰਦਾ ਹੈ। ਸੰਦੀਪ ਨੇ ਜਦੋਂ ਹੰਸਰਾਜ ਕਾਲਜ ਨਵੀਂ ਦਿੱਲੀ ’ਚ ਦਾਖ਼ਲਾ ਲਿਆ ਤਾਂ ਉਸ ਨੇ ਦੇਖਿਆ ਕਿ ਕਾਲਜ ਫੁੱਟਬਾਲ ਟੀਮ ’ਚ ਕੋਈ ਪ੍ਰੋਫੈਸ਼ਨਲ ਗੋਲਕੀਪਰ ਨਹੀਂ ਸੀ। ਉਸ ਨੇ ਬਿਨਾਂ ਦੇਰੀ ਕੀਤੇ ਗੋਲਕੀਪਰ ਦੇ ਟ੍ਰਾਇਲ ਦਿੱਤੇ ਤੇ ਉਹ ਕਾਲਜ ਫੁੱਟਬਾਲ ਟੀਮ ਦਾ ਹਿੱਸਾ ਬਣ ਗਿਆ। ਇਸੇ ਤਰ੍ਹਾਂ ਕਾਲਜ ’ਚ ਵਾਲੀਬਾਲ ਟੀਮ ਬਣਾਉਣ ਦਾ ਸਿਹਰਾ ਵੀ ਸੰਦੀਪ ਨੂੰ ਜਾਂਦਾ ਹੈ। ਉਸ ਨੇ ਹੀ ਪਹਿਲੀ ਵਾਰ ਹੰਸਰਾਜ ਕਾਲਜ ਦੀ ਵਾਲੀਬਾਲ ਟੀਮ ਬਣਾਉਣ ਦਾ ਫ਼ੈਸਲਾ ਕੀਤਾ। ਉਹ ਹਮੇਸ਼ਾ ਹੀ ਖੇਡਾਂ ਲਈ ਕੁਝ ਨਾ ਕੁਝ ਕਰਦਾ ਰਹਿੰਦਾ ਸੀ ਤਾਂ ਜੋ ਸਮਾਜ ’ਚ ਖੇਡ ਸੱਭਿਆਚਾਰ ਨੂੰ ਉਤਸ਼ਾਹ ਮਿਲ ਸਕੇ। ਸੰਦੀਪ ਦੀਆਂ ਬਾਹਵਾਂ ’ਚ ਅਥਾਹ ਜ਼ੋਰ ਸੀ। ਇਨ੍ਹਾਂ ਮਜ਼ਬੂਤ ਬਾਹਾਂ ਦੇ ਜ਼ੋਰ ’ਤੇ ਹੀ ਉਸ ਨੇ ਬੈਡਮਿੰਟਨ ਤੇ ਵਾਲੀਬਾਲ ’ਚ ਨਾਮਣਾ ਖੱਟਿਆ। ਇਸੇ ਜ਼ੋਰ ਕਾਰਨ ਉਹ ਫੁੱਟਬਾਲ ਦੇ ਗੋਲਕੀਪਰ ਵਜੋਂ ਖੇਡਦਿਆਂ ਗੇਂਦ ਨੂੰ ਟੀਚੇ ਤਕ ਪਹੁੰਚਣ ਤੋਂ ਰੋਕਣ ਲਈ ਆਪਣੀਆਂ ਤਾਕਤਵਰ ਬਾਹਾਂ ਤੇ ਹੱਥਾਂ ਦੀ ਵਰਤੋਂ ਕਰਦਾ ਸੀ। ਸੰਦੀਪ ਸਟੀਕਤਾ ਨਾਲ ਗੇਂਦ ਨੂੰ ਮੈਦਾਨ ’ਚ ਬਹੁਤ ਦੂਰ ਸੁੱਟ ਸਕਣ ਦੇ ਸਮਰੱਥ ਸੀ। ਇਸੇ ਹੀ ਸਮਰੱਥਾ ਨਾਲ ਉਸ ਦੇ ਜੈਵਲਿਨ ਥਰੋ ਦੀ ਨੀਂਹ ਬੱਝੀ।

ਭਾਲਾ ਸੁੱਟਣ ’ਚ ਚਮਕਾਇਆ ਨਾਂ

ਸੰਦੀਪ ਦੇ ਦੋਸਤ ਭਰਤ ਨੇ ਸੰਦੀਪ ਦੇ ਖੇਡਾਂ ਪ੍ਰਤੀ ਜਜ਼ਬੇ ਨੂੰ ਸਮਝਦਿਆਂ ਉਸ ਨੂੰ ਪੈਰਾ-ਸਪੋਰਟਸ ਬਾਰੇ ਜਾਣੂ ਕਰਵਾਇਆ ਤੇ ਨੇਜ਼ਾ ਸੁੱਟਣ ਲਈ ਹੱਲਾਸ਼ੇਰੀ ਦਿੱਤੀ। ਉਸ ਨੇ ਤਕਰੀਬਨ ਡੇਢ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਪੈਰਾ-ਜੈਵਲਿਨ ਥਰੋ ’ਚ ਕੌਮੀ ਪੱਧਰ ਦੇ ਕਈ ਮੁਕਾਬਲੇ ਜਿੱਤੇ। ਉਸ ਦਾ ਨਾਂ ਪੈਰਾ-ਜੈਵਲਿਨ ਦੇ ਖੇਤਰ ’ਚ ਸਾਰੇ ਭਾਰਤ ’ਚ ਚਮਕਣ ਲੱਗਾ। ਇਸ ਤਰ੍ਹਾਂ ਸੰਦੀਪ ਨੇ ਪੈਰਾ-ਜੈਵਲਿਨ ਨਾਲ ਪੱਕੇ ਤੌਰ ’ਤੇ ਜੁੜਨ ਦਾ ਮਨ ਬਣਾ ਲਿਆ।

Related posts

ਭਿਆਨਕ ਰੇਲ ਹਾਦਸੇ ‘ਚ 11 ਮੌਤਾਂ, 60 ਤੋਂ ਵੱਧ ਜ਼ਖ਼ਮੀ

On Punjab

ਭਾਰਤ ਨੇ ਦੂਜੇ ਟੈਸਟ ਮੈਚ ‘ਚ ਬੰਗਲਾਦੇਸ਼ ਨੂੰ ਪਾਰੀ ਤੇ 46 ਦੌੜਾਂ ਨਾਲ ਹਰਾ ਕੀਤਾ ਸੀਰੀਜ਼ ‘ਤੇ ਕਬਜ਼ਾ

On Punjab

ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ : ਪਿਛਲੀ ਵਾਰ ਦੇ ਜੇਤੂ ਅਮਿਤ ਪੰਘਾਲ ਪੁੱਜੇ ਸੈਮੀਫਾਈਨਲ ‘ਚ

On Punjab