47.34 F
New York, US
November 21, 2024
PreetNama
ਖਬਰਾਂ/News

ਬਿਨਾਂ ਕਿਸੇ ਭੇਦ-ਭਾਵ ਦੇ ਕੰਮ ਕਰਨ ਨੂੰ ਤਰਜੀਹ ਦੇਣ ਗ੍ਰਾਮ ਪੰਚਾਇਤਾਂ ਦੇ ਨੁਮਾਇੰਦੇ- ਮਨਪ੍ਰੀਤ ਬਾਦਲ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਗਰਾਮ ਪੰਚਾਇਤਾਂ ਵਿੱਚ ਚੁਣ ਕੇ ਆਏ ਨੁਮਾਇੰਦੇ ਪਿੰਡਾਂ ਦੇ ਵਿਕਾਸ ਅਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਬਿਨਾਂ ਕਿਸੇ ਭੇਦ-ਭਾਵ ਦੇ ਕੰਮ ਕਰਨ ਨੂੰ ਤਰਜੀਹ ਦੇਣ। ਉਹ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਵਿਕਾਸ ਵਿਭਾਗ ਵੱਲੋਂ ਦਾਣਾ ਮੰਡੀ ਫਿਰੋਜ਼ਪੁਰ ਸ਼ਹਿਰ ਵਿਖੇ  ਕਰਵਾਏ ਗਏ ਸੂੰਹ ਚੁੱਕ ਸਮਾਗਮ ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ: ਪਰਮਿੰਦਰ ਸਿੰਘ ਪਿੰਕੀ, ਵਿਧਾਇਕ ਫਿਰੋਜ਼ਪੁਰ ਦਿਹਾਤੀ ਮੈਡਮ ਸਤਕਾਰ ਕੌਰ ਗਹਿਰੀ, ਵਿਧਾਇਕ ਜ਼ੀਰਾ ਸ੍ਰ: ਕੁਲਬੀਰ ਸਿੰਘ ਜ਼ੀਰਾ, ਕਮਿਸ਼ਨਰ ਫਿਰੋਜ਼ਪੁਰ ਡਵੀਜ਼ਨ ਸੁਮੇਰ ਸਿੰਘ ਗੁਰਜ਼ਰ, ਆਈ.ਜੀ ਐਮ.ਐਸ ਛੀਨਾ, ਆਈ.ਜੀ ਬਲਕਾਰ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਸ੍ਰ: ਬਲਵਿੰਦਰ ਸਿੰਘ ਧਾਲੀਵਾਲ ਅਤੇ ਐਸ.ਐਸ.ਪੀ ਸ੍ਰ: ਪ੍ਰੀਤਮ ਸਿੰਘ ਵੀ ਹਾਜ਼ਰ ਸਨ।
ਪੰਚਾਂ, ਸਰਪੰਚਾਂ, ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੇ ਸੂੰਹ ਚੁੱਕ ਸਮਾਗਮ ਦੌਰਾਨ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀ ਗਰਾਂਟਾਂ ਦੀ ਘੋਸ਼ਣਾ ਕਰਦੇ ਹੋਏ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਵਿਸ਼ੇਸ਼ ਯੋਜਨਾਵਾਂ ਬਣਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੜੇ ਲਿਖੇ ਨੌਜਵਾਨਾਂ ਲਈ ਰੁਜ਼ਗਾਰ, ਕਿਸਾਨਾਂ ਦੀ ਆਰਥਿਕ ਖ਼ੁਸ਼ਹਾਲੀ, ਨਸ਼ਾ ਮੁਕਤ ਪੰਜਾਬ ਦੀ ਸਿਰਜਨਾ, ਮੁਲਾਜ਼ਮਾਂ ਦੀ ਬਿਹਤਰੀ, ਪੈਨਸ਼ਨ ਦੀ ਸੁਵਿਧਾ ਸਮੇਤ ਹੋਰ ਸੁਵਿਧਾਵਾਂ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
  ਇਸ ਸਮਾਗਮ ਦੌਰਾਨ ਉਨ੍ਹਾਂ ਨੇ ਜ਼ਿਲ੍ਹੇ ਦੇ ਕੁੱਲ 825 ਸਰਪੰਚਾਂ, 4491 ਪੰਚਾਇਤ ਮੈਂਬਰਾਂ, 14 ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, 119 ਪੰਚਾਇਤ ਸੰਮਤੀ ਮੈਂਬਰਾਂ ਸਮੇਤ ਕੁੱਲ 5449 ਮੈਂਬਰਾਂ ਨੂੰ ਅਹੁਦੇ ਸਬੰਧੀ ਸੂੰਹ ਚੁਕਾਈ। ਇਸ ਤੋਂ ਬਾਅਦ ਉਨ੍ਹਾਂ ਨੇ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਲਈ 50 ਲੱਖ, ਵਿਧਾਨਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਕਾਸ ਕਾਰਜਾਂ ਲਈ ਵੀ 50 ਲੱਖ ਅਤੇ ਵਿਧਾਨ ਸਭਾ ਹਲਕਾ ਜ਼ੀਰਾ ਵਿਖੇ ਨਵੇਂ ਬੱਸ ਸਟੈਂਡ ਬਣਾਉਣ ਸਬੰਧੀ ਘੋਸ਼ਣਾ ਵੀ ਕੀਤੀ। ਉਨ੍ਹਾਂ ਨੇ ਪ੍ਰੈਸ ਕਲੱਬ ਨੂੰ 5 ਲੱਖ ਰੁਪਏ  ਦੀ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ (ਡੈਪੋ) ਤਹਿਤ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਵੀ ਸੂੰਹ ਚੁਕਾਈ ਗਈ।
ਸਮਾਗਮ ਦੌਰਾਨ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਵਿਧਾਇਕ ਸਤਕਾਰ ਕੌਰ ਗਹਿਰੀ ਨੇ ਵੀ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਪਿੰਡਾਂ ਵਿਚ ਵਿਕਾਸ ਕਾਰਜ ਕਰਵਾਉਣ ਲਈ ਸਾਰੇ ਮੈਂਬਰ ਸਾਹਿਬਾਨਾਂ ਨੂੰ ਇੱਕ ਜੁੱਟ ਹੋ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਆਈ.ਜੀ ਐਮ.ਐਸ ਛੀਨਾ ਅਤੇ ਆਈ.ਜੀ ਬਲਕਾਰ ਸਿੰਘ ਸਿੱਧੂ ਨੇ ਵੀ ਸਰਕਾਰ ਵੱਲੋਂ ਉਲੀਕੀ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਉਪਰੰਤ ਮੁੱਖ ਮਹਿਮਾਨ ਵਿੱਤ ਮੰਤਰੀ ਪੰਜਾਬ ਸ੍ਰ: ਮਨਪ੍ਰੀਤ ਸਿੰਘ ਬਾਦਲ ਅਤੇ ਸਾਰੇ ਵਿਧਾਇਕਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਵਿੰਦਰ ਪਾਲ ਸਿੰਘ ਸੰਧੂ, ਸਹਾਇਕ ਕਮਿਸ਼ਨਰ ਸ੍ਰ: ਰਣਜੀਤ ਸਿੰਘ,  ਐਸ.ਡੀ.ਐਮ ਫਿਰੋਜ਼ਪੁਰ ਅਮਿੱਤ ਗੁਪਤਾ, ਐਸ.ਡੀ.ਐਮ ਗੁਰੂਹਰਸਹਾਏ ਕੁਲਦੀਪ ਬਾਵਾ, ਤਹਿਸੀਲਦਾਰ ਮਨਜੀਤ ਸਿੰਘ, ਕਾਂਗਰਸੀ ਆਗੂ ਜਸਮੇਲ ਸਿੰਘ ਲਾਡੀ ਗਹਿਰੀ, ਹਰਿੰਦਰ ਸਿੰਘ ਖੋਸਾ, ਕਾਂਗਰਸ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਨਾਹਰ, ਯੂਥ ਕਾਂਗਰਸ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ, ਲਖਵਿੰਦਰ ਸਿੰਘ, ਗੁਰਸਾਹਿਬ ਸਿੰਘ, ਵਿਕੀ ਸੰਧੂ ਸਮੇਤ ਭਾਰੀ ਗਿਣਤੀ ਵਿਚ ਸਰਪੰਚ, ਪੰਚ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹਾਜ਼ਰ ਸਨ।

Related posts

ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਕਰੇਗੀ 16 ਜਨਵਰੀ ਨੂੰ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਦੀ ਰਿਹਾਇਸ਼ ਦਾ ਘੇਰਾਓ

Pritpal Kaur

ਕ੍ਰਿਪਟੋ ਕਰੰਸੀ ਬਹਾਨੇ 15 ਕਰੋੜ ਦੀ ਠੱਗੀ ਮਾਰਨ ਵਾਲਾ ਗ੍ਰਿਫ਼ਤਾਰ, ਬਿਹਾਰ-ਝਾਰਖੰਡ, ਉੱਤਰਾਖੰਡ ਤੱਕ ਫੈਲਿਆ ਸੀ ਨੈੱਟਵਰਕ

On Punjab

ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਸਿੱਖਿਆ ਮੰਤਰੀ ਸੋਨੀ ਨੂੰ ਪਾਇਆ ਘੇਰਾ

Pritpal Kaur