ਨਵੀਂ ਦਿੱਲੀ : ਬਾਰਸ਼ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਡੇਂਗੂ ਹੋਣ ਦਾ ਖ਼ਤਰਾ ਵੀ ਵਧ ਜਾਂਦਾ ਹੈ। ਅਕਸਰ ਮੰਨਿਆ ਜਾਂਦਾ ਹੈ ਕਿ ਬੁਖ਼ਾਰ ਤੋਂ ਬਾਅਦ ਹੀ ਡੇਂਗੂ ਹੁੰਦਾ ਹੈ ਤੇ ਬੁਖਾਰ ਨਾ ਹੋਣ ‘ਤੇ ਲੋਕ ਡੇਂਗੂ ਬਾਰੇ ਸੋਚਦੇ ਨਹੀਂ ਹਨ। ਹਾਲਾਂਕਿ, ਅਜਿਹਾ ਕਰਨਾ ਗ਼ਲਤ ਹੈ ਕਿਉਂਕਿ ਬਿਨਾਂ ਬੁਖਾਰ ਚੜ੍ਹੇ ਵੀ ਡੇਂਗੂ ਹੋ ਸਕਦਾ ਹੈ। ਜਾਣਦੇ ਹਾਂ ਬਿਨਾਂ ਬੁਖਾਰ ਚੜ੍ਹੇ ਕਿਹੜਾ ਡੇਂਗੂ ਹੁੰਦਾ ਹੈ ਅਤੇ ਇਸ ਦਾ ਪਤਾ ਕਿਵੇਂ ਲਗਾਇਆ ਜਾ ਸਕਦਾ ਹੈ–
ਬੀਬੀਸੀ ਦੀ ਇਕ ਰਿਪੋਰਟ ਅਨੁਸਾਰ, ਜਰਨਲ ਆਫ ਫਿਜੀਸ਼ੀਅਨ ਆਫ ਇੰਡੀਆ ‘ਚ ਪ੍ਰਕਾਸ਼ਿਤ ‘ਏ ਕਿਊਰਿਅਸ ਕੇਸ ਆਫ ਐਫੇਬ੍ਰਿਲ ਡੇਂਗੂ’ ਨਾਂ ਦੇ ਖੋਜ ਪੱਤਰ ‘ਚ ਦੱਸਿਆ ਗਿਆ ਹੈ ਕਿ ਇਸ ਤਰ੍ਹਾਂ ਦੇ ਡੇਂਗੂ ਨੂੰ ‘ਐਫੇਬ੍ਰਿਲ ਡੇਂਗੂ’ ਕਹਿੰਦੇ ਹਨ। ‘ਐਫੇਬ੍ਰਿਲ ਡੇਂਗੂ’ ਦੇ ਲੱਛਣ ਆਮ ਡੇਂਗੂ ਤੋਂ ਵੱਖਰੇ ਹੁੰਦੇ ਹਨ। ਅਸਲ ਵਿਚ ਆਮ ਡੇਂਗੂ ‘ਚ ਮਰੀਜ਼ ਨੂੰ ਤੇਜ਼ ਬੁਖ਼ਾਰ ਅਤੇ ਖ਼ਤਰਨਾਕ ਦਰਦ ਦੀ ਸ਼ਿਕਾਇਤ ਹੁੰਦੀ ਹੈ। ਹਾਲਾਂਕਿ, ਡਾਇਬਟੀਜ਼, ਬੁੱਢੇ ਲੋਕ ਅਤੇ ਕਮਜ਼ੋਰ ਇਮਿਊਨਟੀ ਵਾਲੇ ਲੋਕਾਂ ‘ਚ ਬੁਖਾਰ ਦੇ ਬਿਨਾਂ ਵੀ ਡੇਂਗੂ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਅਜਿਹੇ ਮਰੀਜ਼ਾਂ ਨੂੰ ਬੁਖਾਰ ਤਾਂ ਨਹੀਂ ਹੁੰਦਾ ਪਰ ਡੇਂਗੂ ਦੇ ਦੂਸਰੇ ਲੱਛਣ ਜ਼ਰੂਰ ਹੁੰਦੇ ਹਨ। ਇਹ ਲੱਛਣ ਵੀ ਕਾਫ਼ੀ ਹਲਕੇ ਹੁੰਦੇ ਹਨ। ਇਸ ਤਰ੍ਹਾਂ ਦੇ ਡੇਂਗੂ ‘ਚ ਹਲਕਾ ਇਨਫੈਕਸ਼ਨ ਹੁੰਦਾ ਹੈ। ਮਰੀਜ਼ ਨੂੰ ਬੁਖ਼ਾਰ, ਸਰੀਰ ਦਰਦ, ਚਮੜੀ ‘ਤੇ ਜ਼ਿਆਦਾ ਚਟਾਕ ਹੋਣ ਦੀ ਸ਼ਿਕਾਇਤ ਨਹੀਂ ਹੁੰਦੀ। ਪਰ ਟੈਸਟ ਕਰਵਾਉਣ ‘ਤੇ ਉਨ੍ਹਾਂ ਦੇ ਸਰੀਰ ‘ਚ ਪਲੇਟਲੈਟਸ ਦੀ ਘਾਟ, ਵ੍ਹਾਈਟ ਤੇ ਰੈੱਡ ਬਲੱਡ ਸੈਲਜ਼ ਦੀ ਕਮੀ ਹੁੰਦੀ ਹੈ।
ਡਾਕਟਰਾਂ ਮੁਤਾਬਿਕ ਇਸ ਸੀਜ਼ਨ ‘ਚ ਯਾਨੀ ਅਗਸਤ-ਸਤੰਬਰ-ਅਕਤੂਬਰ ‘ਚ ਜੇਕਰ ਕਿਸੇ ਨੂੰ ਸਰੀਰ ‘ਚ ਦਰਦ, ਥਕਾਵਟ, ਭੁੱਖ ਨਾ ਲੱਗਣਾ, ਹਲਕਾ ਸਾ ਰੈਸ਼, ਲੋ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਹੋਣ ਪਰ ਬੁਖਾਰ ਦੀ ਹਿਸਟਰੀ ਨਾ ਹੋਵੇ ਤਾਂ ਉਹ ਡੇਂਗੂ ਹੋ ਸਕਦਾ ਹੈ। ਇਸ ਲਈ ਡਾਕਟਰ ਦੀ ਸਲਾਹ ਜ਼ਰੂਰ ਲਓ।
Posted By: Seema Anand