ਪ੍ਰਦੂਸ਼ਿਤ ਵਾਤਾਵਰਨ ਤੇ ਖਾਣ-ਪੀਣ ਦੀਆਂ ਚੀਜ਼ਾਂ ‘ਚ ਕੀਟਨਾਸ਼ਕਾਂ ਦੀ ਬੇਲੋੜੀ ਵਰਤੋਂ ਕਾਰਨ ਕੋਈ ਵੀ ਵਿਅਕਤੀ ਤੰਦਰੁਸਤ ਨਹੀਂ ਰਿਹਾ। ਭਿਆਨਕ ਬਿਮਾਰੀਆਂ ਦੇ ਇਲਾਜ ਭਾਵੇਂ ਸੰਭਵ ਹੋ ਗਏ ਹਨ ਪਰ ਕਾਫ਼ੀ ਮਹਿੰਗੇ ਹੋਣ ਕਰਕੇ ਬਹੁਤੇ ਲੋਕ ਇਲਾਜ ਖੁਣੋਂ ਬੇਵਕਤ ਮੌਤ ਦੇ ਮੂੰਹ ‘ਚ ਚਲੇ ਜਾਂਦੇ ਹਨ। ਜਿਸ ਧਰਤੀ ਨੂੰ ਅਸੀਂ ਬੁਰੀ ਤਰ੍ਹਾਂ ਦੂਸ਼ਿਤ ਕਰਦੇ ਆ ਰਹੇ ਹਾਂ, ਉਸੇ ਧਰਤੀ ਨੇ ਆਪਣੀ ਹਿੱਕ ਪਾੜ ਕੇ ਸਾਨੂੰ ਬਹੁਤ ਸਾਰੇ ਅਜਿਹੇ ਸਰੋਤ ਦਿੱਤੇ ਹਨ, ਜਿਨ੍ਹਾਂ ਦੀ ਵਰਤੋਂ ਨਾਲ ਅਸੀਂ ਤੰਦਰੁਸਤ ਰਹਿ ਸਕਦੇ ਹਾਂ। ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਲੋਕਾਂ ਨੂੰ ਰੋਗ-ਮੁਕਤ ਕਰਨ ਦਾ ਬੀੜਾ ਚੁੱਕੀ ਇਕ ਉੱਦਮੀ ਨੌਜਵਾਨ ਇਲਾਕੇ ਅੰਦਰ ਅਨੇਕਾਂ ਲਾਇਲਾਜ ਬਿਮਾਰੀਆਂ ਦੇ ਸ਼ਿਕਾਰ ਵਿਅਕਤੀਆਂ ਨੂੰ ਬਿਮਾਰੀਆਂ ਤੋਂ ਮੁਕਤ ਕਰਵਾ ਕੇ ਨਵੀਂ ਜ਼ਿੰਦਗੀ ਦੇ ਚੁੱਕਾ ਹੈ।
ਚੰਦਰ ਮੋਹਨ ਜੇ.ਡੀ ਬਲਾਚੌਰ ਕਿਸੇ ਪਹਿਚਾਣ ਦਾ ਮੁਥਾਜ ਨਹੀਂ ਹੈ। ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਜੇ.ਡੀ ਨੇ ਦੱਸਿਆ ਕਿ ਉਹ 30 ਸਤੰਬਰ ਤੋਂ ਵ੍ਹੀਟ ਗਰਾਸ ਉਗਾ ਰਿਹਾ ਹੈ। ਪਹਿਲਾਂ ਉਸ ਨੇ ਆਪਣੇ ਪਰਿਵਾਰ ਲਈ ਵ੍ਹੀਟ ਗਰਾਸ ਤਿਆਰ ਕਰ ਕੇ ਉਸ ਦਾ ਸੇਵਨ ਕੀਤਾ ਤੇ ਇਕ ਹਫ਼ਤੇ ਅੰਦਰ ਇਸ ਤੋਂ ਅਨੇਕਾਂ ਲਾਭ ਮਿਲਣੇ ਸ਼ੁਰੂ ਹੋਏ, ਜਿਸ ਮਗਰੋਂ ਉਨ੍ਹਾਂ ਲੋਕਾਂ ਨੂੰ ਵੀ ਲਾਭ ਪਹੁੰਚਾਉਣ ਦਾ ਪ੍ਰਣ ਲਿਆ ਅਤੇ ਹੋਰ ਵ੍ਹੀਟ ਗਰਾਸ ਉਗਾਉਣਾ ਸ਼ੁਰੂ ਕੀਤਾ। ਸ਼ੁਰੂ-ਸ਼ੁਰੂ ‘ਚ 15-16 ਲੋਕ ਵ੍ਹੀਟ ਗਰਾਸ ਦੇ ਪੱਤੇ ਉਸ ਕੋਲੋਂ ਲੈਣ ਲੱਗੇ ਤੇ ਕੁਝ ਹੀ ਸਮੇਂ ਵਿਚ ਇਹ ਗਿਣਤੀ ਵਧ ਕੇ 50 ਹੋ ਗਈ। ਉਸ ਨੇ ਲੋਕਾਂ ਨੂੰ ਵ੍ਹੀਟ ਗਰਾਸ ਉਗਾਉਣ ਦੇ ਤਰੀਕੇ ਦੱਸੇ ਅਤੇ ਇਸ ਵਕਤ 30 ਲੋਕ ਖ਼ੁਦ ਵ੍ਹੀਟ ਗਰਾਸ ਤਿਆਰ ਕਰ ਕੇ ਉਸ ਦੇ ਪੱਤਿਆਂ ਦਾ ਸੇਵਨ ਕਰ ਰਹੇ ਹਨ।