ਪਟਨਾ-ਜਨ ਸੁਰਾਜ ਪਾਰਟੀ ਦੇ ਬਾਨੀ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਬਿਹਾਰ ਪਬਲਿਕ ਸਰਵਿਸ ਕਮਿਸ਼ਨ (ਬੀਪੀਐੱਸਸੀ) ਦੀ 70ਵੀਂ ਸੰਯੁਕਤ ਪ੍ਰਤੀਯੋਗੀ ਪ੍ਰੀਖਿਆ ਰੱਦ ਕਰਨ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤਾ ਮਰਨ ਵਰਤ 14 ਦਿਨਾਂ ਬਾਅਦ ਖ਼ਤਮ ਕਰ ਦਿੱਤਾ ਹੈ। ਇਹ ਪ੍ਰੀਖਿਆ 13 ਦਸੰਬਰ ਨੂੰ ਹੋਈ ਸੀ। ਸਾਬਕਾ ਸਿਆਸੀ ਰਣਨੀਤੀਕਾਰ ਕਿਸ਼ੋਰ ਨੇ ਕਿਹਾ ਕਿ ਬੀਪੀਐੱਸਸੀ ਉਮੀਦਵਾਰਾਂ ਪ੍ਰਤੀ ਸੂਬਾ ਸਰਕਾਰ ਦੇ ‘ਤਾਨਾਸ਼ਾਹੀ’ ਰਵੱਈਏ ਖ਼ਿਲਾਫ਼ ਉਨ੍ਹਾਂ ਦਾ ‘ਸਤਿਆਗ੍ਰਹਿ’ ਜਾਰੀ ਰਹੇਗਾ। ਕਿਸ਼ੋਰ ਨੇ ਪਟਨਾ ਸਥਿਤ ਪਾਰਟੀ ਦੇ ਕੈਂਪ ਦਫ਼ਤਰ ਵਿੱਚ ਆਪਣੇ ਮਰਨ ਵਰਤ ਦੀ ਸਮਾਪਤੀ ਦਾ ਐਲਾਨ ਕਰਨ ਤੋਂ ਪਹਿਲਾਂ ਉਨ੍ਹਾਂ ਗੰਗਾ ਨਦੀ ਵਿੱਚ ਇਸ਼ਾਨਾਨ ਕਰਕੇ ਪੂਜਾ ਕੀਤੀ। ਪਾਰਟੀ ਵਰਕਰਾਂ ਨੇ ਜੂਸ ਪਿਲਾ ਕੇ ਉਨ੍ਹਾਂ ਦਾ ਮਰਨ ਵਰਤ ਖਤਮ ਕੀਤਾ। ਪਾਰਟੀ ਨੇ ਪਟਨਾ ਵਿੱਚ ਗੰਗਾ ਨਦੀ ਦੇ ਕੰਢੇ ਐੱਲਸੀਟੀ ਘਾਟ ’ਤੇ ਆਪਣਾ ਕੈਂਪ ਦਫ਼ਤਰ ਸਥਾਪਤ ਕੀਤਾ ਹੈ।ਕਿਸ਼ੋਰ ਨੇ ਕਿਹਾ ਕਿ ਜੇ ਹਾਈ ਕੋਰਟ ਤੋਂ ਇਨਸਾਫ਼ ਨਹੀਂ ਮਿਲਿਆ ਤਾਂ ਉਹ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਗੇ।
ਬਿਹਾਰ: ਪ੍ਰੀਖਿਆ ਵਿਵਾਦ ’ਤੇ ਸੂਬਾ ਸਰਕਾਰ ਅਤੇ ਬੀਪੀਐੱਸਸੀ ਨੂੰ ਹਲਫ਼ਨਾਮਾ ਦਾਖ਼ਲ ਕਰਨ ਦਾ ਨਿਰਦੇਸ਼:ਪਟਨਾ ਹਾਈ ਕੋਰਟ ਨੇ ਅੱਜ ਬਿਹਾਰ ਸਰਕਾਰ ਅਤੇ ਬਿਹਾਰ ਲੋਕ ਸੇਵਾ ਕਮਿਸ਼ਨ (ਬੀਪੀਐੱਸਸੀ) ਕੋਲੋਂ ਪਿਛਲੇ ਮਹੀਨੇ ਕਰਵਾਈ ਸਾਂਝੀ ਮੁਕਾਬਲਾ ਪ੍ਰੀਖਿਆ (ਸੀਸੀਈ) ਨੂੰ ਰੱਦ ਕਰਨ ਦੀ ਅਪੀਲ ਕਰਨ ਵਾਲੀਆਂ ਪਟੀਸ਼ਨਾਂ ’ਤੇ ਜਵਾਬੀ ਹਲਫ਼ਨਾਮਾ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ। ਜਸਟਿਸ ਅਰਵਿੰਦ ਸਿੰਘ ਚੰਦੇਲ ਨੇ ਮਾਮਲੇ ਦੀ ਸੁਣਵਾਈ 31 ਜਨਵਰੀ ਨੂੰ ਨਿਰਧਾਰਤ ਕਰਦੇ ਹੋਏ ਇਹ ਫੈਸਲਾ ਵੀ ਸੁਣਾਇਆ ਕਿ 13 ਦਸੰਬਰ ਨੂੰ ਕਰਵਾਈ ਗਈ ਪ੍ਰੀਖਿਆ ਦਾ ਨਤੀਜਾ ਇਨ੍ਹਾਂ ਪਟੀਸ਼ਨਾਂ ਦੇ ਫੈਸਲੇ ’ਤੇ ਆਧਾਰਿਤ ਹੋਵੇਗਾ। ਜੱਜ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਅਦਾਲਤ ਪਟੀਸ਼ਨਰਾਂ ਨੂੰ ਕਿਸੇ ਤਰ੍ਹਾਂ ਦੀ ਅੰਤਰਿਮ ਰਾਹਤ ਦੇਣ ਦੀ ਇੱਛੁਕ ਨਹੀਂ ਹੈ।