ਬਿ੍ਟੇਨ ਦੇ ਸਭ ਤੋਂ ਵੱਡੇ ਅਤੇ ਰੁਝੇਵੇਂ ਵਾਲੇ ਹਵਾਈ ਅੱਡੇ ਹੀਰਥੋ ਨੇ ਭਾਰਤ ਨੂੰ ਅੱਠ ਵਾਧੂ ਉਡਾਨਾਂ ਦੇ ਸੰਚਾਲਨ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਦੇਸ਼ ‘ਚ ਸ਼ੁੱਕਰਵਾਰ ਤੋਂ ਰੈੱਡ ਲਿਸਟ ਯਾਤਰਾ ਪਾਬੰਦੀ ਲਾਗੂ ਹੋ ਰਹੀ ਹੈ। ਹਵਾਈ ਅੱਡੇ ਨੇ ਕਿਹਾ ਕਿ ਵਾਧੂ ਉਡਾਨਾਂ ਦੀ ਇਜਾਜ਼ਤ ਇਸ ਲਈ ਨਹੀਂ ਦਿੱਤੀ ਗਈ ਤਾਂ ਕਿ ਪਾਸਪੋਰਟ ਕੰਟਰੋਲ ਕਾਊਂਟਰ ‘ਤੇ ਵਾਧੂ ਬੋਝ ਨਾ ਪਏ ਅਤੇ ਲੰਬੀਆਂ-ਲੰਬੀਆਂ ਲਾਈਨਾਂ ਨਾ ਲੱਗਣ।
ਇਸੇ ਹਫ਼ਤੇ ਦੀ ਸ਼ੁਰੂਆਤ ਵਿਚ ਹਾਊਸ ਆਫ ਕਾਮਨਜ਼ ਵਿਚ ਭਾਰਤ ਨੂੰ ਰੈੱਡ ਲਿਸਟ ਵਿਚ ਸ਼ਾਮਲ ਕਰਨ ਦਾ ਐਲਾਨ ਕੀਤਾ ਗਿਆ ਸੀ। ਬਿ੍ਟੇਨ ‘ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦੇ 103 ਮਾਮਲੇ ਸਾਹਮਣੇ ਆਏ ਹਨ। ਇਹ ਅਜਿਹਾ ਵੇਰੀਐਂਟ ਹੈ, ਜਿਸ ਦਾ ਪਤਾ ਸਭ ਤੋਂ ਪਹਿਲਾਂ ਭਾਰਤ ‘ਚ ਚੱਲਿਆ ਸੀ। ਸਿਹਤ ਮੰਤਰੀ ਮੈਟ ਹੈਨਕਾਕ ਨੇ ਦੱਸਿਆ ਕਿ ਇਹ ਫ਼ੈਸਲਾ ਅੰਕੜਿਆਂ ਦਾ ਅਧਿਐਨ ਕਰਨ ਲਈ ਲਿਆ ਗਿਆ ਹੈ। ਇਸ ਤਹਿਤ ਕੋਈ ਅਜਿਹਾ ਵਿਅਕਤੀ ਜੋ ਬਿ੍ਟੇਨ ਦਾ ਨਾਗਰਿਕ ਨਹੀਂ ਹੈ ਅਤੇ ਪਿਛਲੇ 10 ਦਿਨਾਂ ਤੋਂ ਭਾਰਤ ‘ਚ ਰਹਿ ਰਿਹਾ ਹੈ ਤਾਂ ਉਸ ਨੂੰ ਇਥੇ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ।
ਇਸ ਵਿਚਕਾਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਵੀਰਵਾਰ ਨੂੰ ਭਾਰਤ ਤੇ ਕੋਰੋਨਾ ਦੇ ਜ਼ੋਖਮ ਵਾਲੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਜਹਾਜ਼ਾਂ ਦੀ ਉਡਾਨ ਵਿਚ 30 ਫ਼ੀਸਦੀ ਕਟੌਤੀ ਦਾ ਐਲਾਨ ਕੀਤਾ। ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਦੇਖਦੇ ਆਏ ਆਸਟ੍ਰੇਲੀਆ ਨੇ ਇਹ ਫ਼ੈਸਲਾ ਕੀਤਾ ਹੈ। ਕੈਨਬਰਾ ਵਿਚ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਮੌਰੀਸਨ ਨੇ ਕਿਹਾ ਕਿ ਅਸੀਂ ਇਸ ਗੱਲ ‘ਤੇ ਸਹਿਮਤ ਹਾਂ ਕਿ ਕਟੌਤੀ ਕੀਤੀ ਜਾਵੇ। ਏਬੀਸੀ ਨਿਊਜ਼ ਅਨੁਸਾਰ ਸਿਡਨੀ ਲਈ ਸਰਕਾਰ ਵੱਲੋਂ ਸੰਚਾਲਤ ਅਤੇ ਨਿੱਜੀ ਦੋਵੇਂ ਤਰ੍ਹਾਂ ਦੀ ਜਹਾਜ਼ ਸੇਵਾਵਾਂ ‘ਤੇ ਉਡਾਨ ਵਿਚ ਕਟੌਤੀ ਦਾ ਇਹ ਨਿਯਮ ਲਾਗੂ ਹੋਵੇਗਾ।
ਦੂਜੇ ਪਾਸੇ ਸਿੰਗਾਪੁਰ ਦੇ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਉਹ ਭਾਰਤ ਦੀ ਯਾਤਰਾ ਕਰਨ ਵਾਲੇ ਲੰਬੀ ਮਿਆਦ ਵੀਜ਼ਾ ਧਾਰਕਾਂ ਅਥੇ ਘੱਟ ਸਮੇਂ ਲਈ ਆਉਣ ਵਾਲੇ ਯਾਤਰੀਆਂ ਨੂੰ ਆਪਣੇ ਇਥੇ ਦਾਖ਼ਲ ਹੋਣ ਨਹੀਂ ਦਵੇਗਾ। ਉਹ ਪਰਵਾਸੀ ਮਜ਼ਦੂਰਾਂ ਵਿਚ ਵਾਇਰਸ ਦੀ ਲਾਗ ਦੀ ਜਾਂਚ ਕਰ ਰਹੇ ਹਨ ਅਤੇ ਹੁਣ ਤਕ 1,100 ਤੋਂ ਜ਼ਿਆਦਾ ਲੋਕਾਂ ਨੂੰ ਇਕਾਂਤਵਾਸ ਕੀਤਾ ਜਾ ਚੁੱਕਾ ਹੈ।
ਇਜ਼ਰਾਈਲ ਨੇ ਜਾਰੀ ਕੀਤੀ ਯਾਤਰਾ ਸਬੰਧੀ ਸਲਾਹ
ਇਜ਼ਰਾਈਲ ਨੇ ਵੀਰਵਾਰ ਨੂੰ ਆਪਣੇ ਨਾਗਰਿਕਾਂ ਨੂੰ ਭਾਰਤ, ਯੂਕ੍ਰੇਨ, ਇਥੋਪੀਆ, ਬ੍ਰਾਜ਼ੀਲ, ਦੱਖਣ ਅਫਰੀਕਾ, ਮੈਕਸੀਕੋ ਤੇ ਤੁਰਕੀ ਦੀ ਯਾਤਰਾ ਨਹੀਂ ਕਰਨ ਦੀ ਸਲਾਹ ਜਾਰੀ ਕੀਤੀ ਹੈ। ਇਨ੍ਹਾਂ ਦੇਸ਼ਾਂ ਵਿਚ ਕੋਰੋਨਾ ਲਾਗ ਕਰਨ ਦੀ ਸਥਿਤੀ ਨੂੰ ਦੇਖਦੇ ਹੋਏ ਇਜ਼ਰਾਈਲ ਨੇ ਇਹ ਸਲਾਹ ਜਾਰੀ ਕੀਤੀ ਹੈ। ਸਿਹਤ ਮੰਤਰਾਲੇ ਦੇ ਜਨਰਲ ਮੈਨੇਜਰ ਚੇਜੀ ਲੇਵੀ ਨੇ ਕਿਹਾ ਕਿ ਜਿਨ੍ਹਾਂ ਵਿਦੇਸ਼ੀ ਕਾਮਗਾਰਾਂ ਦਾ ਟੀਕਾਕਰਨ ਨਹੀਂ ਹੋਇਆ ਹੈ ਅਤੇ ਭਾਰਤੀ ਵਿਦਿਆਰਥੀ ਸਰਕਾਰੀ ਕੁਆਰੰਟਾਈਨ ਹੋਟਲਾਂ ਵਿਚ ਖੁਦ ਨੂੰ ਇਕਾਂਤਵਾਸ ਕਰਨ ਲੈਣ।
ਭਾਰਤ ਤੋਂ ਆਉਣ ਵਾਲਿਆਂ ‘ਤੇ ਯੂਏਈ ਨੇ ਲਗਾਈ ਪਾਬੰਦੀ
ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਭਾਰਤ ਵਿਚ ਕੋਰੋਨਾ ਮਹਾਮਾਰੀ ਦੀ ਸਥਿਤੀ ਨੂੰ ਦੇਖਦੇ ਹੋਏ ਇਥੋਂ ਆਉਣ ਵਾਲੇ ਲੋਕਾਂ ‘ਤੇ 10 ਦਿਨਾਂ ਲਈ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ ਹੈ। ਗਲਫ ਨਿਊਜ ਨੇ ਖ਼ਬਰ ਦਿੱਤੀ ਹੈ ਕਿ ਇਹ ਪਾਬੰਦੀ 24 ਅਪ੍ਰਰੈਲ ਤੋਂ ਲਾਗੂ ਹੋਵੇਗੀ ਅਤੇ 10 ਦਿਨਾਂ ਬਾਅਦ ਇਸ਼ ਦੀ ਸਮੀਖਿਆ ਕੀਤੀ ਜਾਵੇਗੀ।। ਜਿਨ੍ਹਾਂ ਯਾਤਰੀਆਂ ਨੇ ਪਿਛਲੇ 14 ਦਿਨਾਂ ਦੇ ਅੰਦਰ ਭਾਰਤ ਵਿਚ ਜਹਾਜ਼ ਬਦਲਿਆ ਹੈ, ਉਨ੍ਹਾਂ ਨੂੰ ਵੀ ਆਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।