ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਸੀਮਾ ਸੁਰੱਖਿਆ ਬਲ ਬੀਐਸਐਫ ਵਿੱਚ ਸੁਰੱਖਿਆ ਕਰਮੀਆਂ ਦੇ ਦਲ ਵਿੱਚ ਔਰਤਾਂ ਦੀ ਭਰਤੀ ਪਿੱਛੇ ਮੁੱਖ ਵਜ੍ਹਾ ਦੇਸ਼ ਸੇਵਾ ਕਰਨ ਦੀ ਇੱਛਾ ਨਹੀਂ, ਸਗੋਂ ਵਿੱਤੀ ਸੁਰੱਖਿਆ ਹੈ। ਬੀਐਸਐਫ ਦੇ ਅਧਿਕਾਰੀ ਕੇ ਗਣੇਸ਼ ਵੱਲੋਂ ਕੀਤੇ ਗਏ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ। ਅਧਿਐਨ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਸੀਮਾ ਸੁਰੱਖਿਆ ਬਲ ਦੇ ਨਾਲ ਕੰਮ ਕਰ ਰਹੀਆਂ ਔਰਤਾਂ ਵਿੱਚੋਂ ਜ਼ਿਆਦਾਤਰ ਨੇ ਕਦੇ ਕਾਰਜ ਸਥਾਨਾਂ ’ਤੇ ਸਰੀਰਕ ਸ਼ੋਸ਼ਣ ਦੀਆਂ ਵੱਡੀਆਂ ਘਟਨਾਵਾਂ ਦਾ ਸਾਹਮਣਾ ਨਹੀਂ ਕੀਤਾ।
ਕਿਸੇ ਵੀ ਕੇਂਦਰੀ ਆਰਮਡ ਪੁਲਿਸ ਬਲ ਵਿੱਚ ਜੰਗੀ ਭੂਮਿਕਾਵਾਂ ’ਚ ਔਰਤਾਂ ਸਾਹਮਣੇ ਆਉਣ ਵਾਲੇ ਮੁੱਦਿਆਂ ਨੂੰ ਸਮਝਣ ਲਈ ਇਹ ਪਹਿਲਾ ਵਿਸ਼ਲੇਸ਼ਣਾਤਮਕ ਅਧਿਐਨ ਹੈ। ਪੁਲਿਸ ਖੋਜ ਤੇ ਵਿਕਾਸ ਬਿਊਰੋ (ਬੀਪੀਆਰਡੀ) ਦੇ ਤਾਜ਼ਾ ਰਸਾਲੇ ਵਿੱਚ ਪ੍ਰਕਾਸ਼ਿਤ ਇਸ ਅਧਿਐਨ ਵਿੱਚ ਪਾਇਆ ਗਿਆ ਕਿ ਜ਼ਿਆਦਾਤਰ ਔਰਤ ਸਿਪਾਹੀਆਂ ਨੂੰ ਮਹਿਲਾ ਡਾਕਟਰ ਮੁਹੱਈਆ ਨਹੀਂ ਕਰਵਾਈ ਜਾਂਦੀ। ਉਨ੍ਹਾਂ ਨੂੰ ਮਾਹਵਾਰੀ ਦੌਰਾਨ ਲੋੜੀਂਦਾ ਆਰਾਮ ਨਹੀਂ ਦਿੱਤਾ ਜਾਂਦਾ ਤੇ ਪੁਰਸ਼ ਸਹਿਕਰਮੀਆਂ ਵੱਲੋਂ ਅਕਸਰ ਬੋਲਚਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਗਾਲ੍ਹਾਂ ਕਾਰਨ ਉਨ੍ਹਾਂ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ।
ਇਸ ਅਧਿਐਨ ਵਿੱਚ ਕਿਹਾ ਗਿਆ ਹੈ, ‘‘ਬੀਐਸਐਫ ਨੂੰ ਬਤੌਰ ਕਰੀਅਰ ਚੁਣਨ ਵਾਲੀਆਂ ਇਨ੍ਹਾਂ ਔਰਤਾਂ ਲਈ ਮੁੱਖ ਕਾਰਨ ਵਿੱਤੀ ਸੁਰੱਖਿਆ ਦਿਖਾਈ ਦਿੰਦਾ ਹੈ। 80 ਫ਼ੀਸਦੀ ਤੋਂ ਵੱਧ ਔਰਤਾਂ ਨੇ ਕਿਹਾ ਕਿ ਉਨ੍ਹਾਂ ਲਈ ਸੁਰੱਖਿਆ ਬਲ ਵਿੱਚ ਸ਼ਾਮਲ ਹੋਣ ਦੀ ਵਜ੍ਹਾ ਰੁਜ਼ਗਾਰ ਜਾਂ ਵਿੱਤੀ ਕਾਰਨ ਹਨ।’’ ਇਸ ਵਿੱਚ ਕਿਹਾ ਗਿਆ ਹੈ, ‘‘55 ਵਿੱਚੋਂ ਸਿਰਫ਼ 11 ਔਰਤਾਂ ਨੇ ਕਿਹਾ ਕਿ ਉਹ ਦੇਸ਼ ਦੀ ਸੁਰੱਖਿਆ ਕਰਨ ਲਈ ਇਸ ਸੇਵਾ ਵਿੱਚ ਆਈਆਂ ਹਨ।
ਅਧਿਐਨ ਅਨੁਸਾਰ 50 ਫ਼ੀਸਦੀ ਔਰਤਾਂ ਨੇ ਕਿਹਾ ਕਿ ਉਹ 20 ਸਾਲਾਂ ਤੋਂ ਘੱਟ ਸਮੇਂ ਵਿੱਚ ਨੌਕਰੀ ਤੋਂ ਅਸਤੀਫ਼ਾ ਦੇ ਦੇਣਗੀਆਂ ਤੇ ਸਿਰਫ਼ 18 ਫ਼ੀਸਦੀ ਔਰਤਾਂ ਸੇਵਾਮੁਕਤੀ ਤੱਕ ਕੰਮ ਕਰਨਾ ਚਾਹੁੰਦੀਆਂ ਹਨ। ਜ਼ਿਆਦਾਤਰ ਔਰਤਾਂ ਦਾ ਮੰਨਣਾ ਹੈ ਕਿ ਬੀਐਸਐਫ ਦਾ ਹਿੱਸਾ ਬਣਨ ਕਰਕੇ ਉਨ੍ਹਾਂ ਦਾ ਸਮਾਜ ਵਿੱਚ ਦਰਜਾ ਵਧ ਗਿਆ ਹੈ।
ਇਸ ਅਧਿਐਨ ਲਈ ਵੱਖ-ਵੱਖ ਸੀਮਾ ਇਕਾਈਆਂ ਵਿੱਚ ਤਾਇਨਾਤ ਕੁੱਲ 55 ਮਹਿਲਾ ਕਰਮੀਆਂ ਤੋਂ ਨੌਕਰੀ ਨੂੰ ਲੈ ਕੇ ਸੰਤੁਸ਼ਟੀ, ਸਰੀਰਕ ਸ਼ੋਸ਼ਣ, ਲਿੰਗ ਅਧਾਰਤ ਭੇਦਭਾਵ ਤੇ ਤਣਾਅ ਤੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਵਾਲੇ ਵਿਸ਼ਿਆਂ ’ਤੇ ਉਨ੍ਹਾਂ ਦਾ ਜਵਾਬ ਮੰਗਿਆ ਗਿਆ ਸੀ। ਬੀਐਸਐਫ ਵਿੱਚ ਇਸ ਸਮੇਂ ਮਹਿਲਾ ਕਰਮੀਆਂ ਦੀ ਗਿਣਤੀ 3500 ਦੇ ਕਰੀਬ ਹੈ ਤੇ ਜੇਕਰ ਇਸ ਨੂੰ ਸਰਕਾਰੀ ਹੁਕਮਾਂ ਅਨੁਸਾਰ 15 ਫ਼ੀਸਦ ਤੱਕ ਵਧਾਇਆ ਗਿਆ ਤਾਂ ਕੁੱਲ ਗਿਣਤੀ 30,000 ਦੇ ਕਰੀਬ ਹੋਵੇਗੀ। ਅਧਿਐਨ ਵਿੱਚ ਕਿਹਾ ਗਿਆ ਹੈ ਕਿ ਜਦੋਂ ਫੋਰਸ ਵਿੱਚ ਔਰਤਾਂ ਦੀ ਗਿਣਤੀ 15 ਫ਼ੀਸਦੀ ਹੋਵੇਗੀ ਤਾਂ ਕਿਵੇਂ ਸੰਚਲਨਾਤਮਕ ਕੁਸ਼ਲਤਾ ਨੂੰ ਕਾਇਮ ਰੱਖਿਆ ਜਾਵੇਗਾ।