ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਸਾਂਸਦ ਗਨੇਸ਼ ਸਿੰਘ ਨੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਸਾਂਸਦ ਨੇ ਅਮਰੀਕਾ ਦੀ ਖੋਜ ਸੰਸਥਾ ਦਾ ਹਵਾਲਾ ਦਿੰਦੇ ਕਿਹਾ ਕੇ ਸੰਸਕ੍ਰਿਤ ਬੋਲਣ ਨਾਲ ਡਾਇਬਟੀਜ਼ ਤੇ ਕੈਲਸਟ੍ਰੋਲ ਦੀ ਬਿਮਾਰੀ ਦੂਰ ਹੁੰਦੀ ਹੈ। ਸਾਂਸਦ ਦਾ ਇਹ ਵੀ ਦਾਅਵਾ ਹੈ ਕਿ ਸੰਸਕ੍ਰਿਤ ਬੋਲਣ ਨਾਲ ਨਰਵਸ ਸਿਸਟਮ ਮਜ਼ਬੂਤ ਹੁੰਦਾ ਹੈ।
ਸਾਂਸਦ ਇਹ ਸਭ ਸੰਸਕ੍ਰਿਤ ਯੂਨੀਵਰਸਿਟੀ ਬਿੱਲ ‘ਤੇ ਬਹਿਸ ਦੌਰਾਨ ਬੋਲ ਰਹੇ ਸਨ। ਨਾਸਾ ਦੀ ਖੋਜ ਦਾ ਹਵਾਲਾ ਦਿੰਦਿਆਂ, ਉਨ੍ਹਾਂ ਦਾਅਵਾ ਕੀਤਾ ਕਿ ਸੰਸਕ੍ਰਿਤ ਵਿੱਚ ਕੰਪਿਊਟਰ ਪ੍ਰੋਗ੍ਰਾਮ ਕਰਨ ਨਾਲ ਕੋਈ ਗਲਤੀ ਨਹੀਂ ਹੋਏਗੀ। ਉਨ੍ਹਾਂ ਦੱਸਿਆ ਕਿ ਦੁਨੀਆ ਦੀਆਂ 97 ਪ੍ਰਤੀਸ਼ਤ ਭਾਸ਼ਾਵਾਂ ਸੰਸਕ੍ਰਿਤ ਉੱਤੇ ਅਧਾਰਤ ਹਨ ਜਿਸ ਵਿੱਚ ਕੁਝ ਇਸਲਾਮੀ ਭਾਸ਼ਾਵਾਂ ਵੀ ਸ਼ਾਮਲ ਹਨ।
ਦਿਲਚਸਪ ਗੱਲ ਇਹ ਵੀ ਹੈ ਕਿ ਅਜਿਹਾ ਬਿਆਨ ਪਹਿਲੀ ਵਾਰ ਨਹੀਂ ਆਇਆ। ਇਸ ਤੋਂ ਪਹਿਲਾਂ ਵੀ ਸਾਂਸਦ ਅਜੀਬ ਬਿਆਨ ਦੇ ਚੁੱਕੇ ਹਨ। ਇੱਕ ਸਾਂਸਦ ਨੇ ਕਿਹਾ ਸੀ ਕਿ ਭਾਰਤੀ ਨਸਲ ਦੀਆਂ ਗਾਵਾਂ ਦੀ ਇੱਕ ਵਿਸ਼ੇਸ਼ਤਾ ਹੈ। ਉਨ੍ਹਾਂ ਦੇ ਦੁੱਧ ਵਿੱਚ ਸੋਨਾ ਮਿਲਿਆ ਹੁੰਦਾ ਹੈ ਜਿਸ ਕਾਰਨ ਉਨ੍ਹਾਂ ਦੇ ਦੁੱਧ ਦਾ ਰੰਗ ਸੁਨਹਿਰੀ ਹੁੰਦਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭਾਰਤੀ ਗਾਵਾਂ ਦਾ ਦੁੱਧ ਪੀਣ ਨਾਲ ਬਿਮਾਰੀਆਂ ਦੂਰ ਹੁੰਦੀਆਂ ਹਨ।
ਬੇਗੂਸਰਾਏ ਤੋਂ ਭਾਜਪਾ ਦੇ ਸੰਸਦ ਮੈਂਬਰ ਗਿਰੀਰਾਜ ਸਿੰਘ ਵੀ ਗਾਂ ‘ਤੇ ਬਿਆਨ ਦੇ ਕੇ ਸੁਰਖੀਆਂ ਵਿੱਚ ਚੁੱਕੇ ਹਨ। ਉਨ੍ਹਾਂ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੀ ਤਕਨੀਕ ਵਰਤੀ ਜਾਏਗੀ ਜਿਸ ਨਾਲ ਗਾਂ ਦੀ ਕੁੱਖ ਤੋਂ ਪੈਦਾ ਹੋਣ ਵਾਲੇ ਬੱਚੇ ਵੱਛੀਆਂ ਹੀ ਹੋਣਗੀਆਂ।