ਨਵੀਂ ਦਿੱਲੀ-ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ (Congress MP Priyanka Gandhi Vadra) ਨੇ ਸੋਮਵਾਰ ਨੂੰ ਕਿਹਾ ਕਿ ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ (Manipur Chief Minister N Biren Singh) ਨੂੰ ਅਹੁਦੇ ਤੋਂ ਅਸਤੀਫ਼ਾ ਬਹੁਤ ਦੇਰ ਪਹਿਲਾਂ ਦੇ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਇਹ ਕਦਮ ਬੜਾ ਪਛੜ ਕੇ ਚੁੱਕਿਆ ਹੈ, ਜਦਕਿ ਸੂਬੇ ਵਿੱਚ ਹਿੰਸਾ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਜਾਰੀ ਹੈ।ਪ੍ਰਿਯੰਕਾ ਨੇ ਕਿਹਾ, “ਇਹ ਬਹੁਤ ਦੇਰ ਤੋਂ ਬਕਾਇਆ ਸੀ। ਮਨੀਪੁਰ ਵਿੱਚ ਇਹ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਹਿੰਸਾ ਜਾਰੀ ਹੈ।”
ਕਾਂਗਰਸ ਸੰਸਦ ਮੈਂਬਰ ਮਨੀਕਮ ਟੈਗੋਰ ਨੇ ਸੋਮਵਾਰ ਨੂੰ ਕਿਹਾ ਕਿ ਭਾਜਪਾ ਨੇ ਵਿਰੋਧੀ ਪਾਰਟੀਆਂ ਦੇ ਬੇਭਰੋਸਗੀ ਮਤਾ ਲਿਆਉਣ ਤੋਂ ਠੀਕ ਪਹਿਲਾਂ ‘ਕਾਹਲੀ’ ਵਿਚ ਬੀਰੇਨ ਸਿੰਘ ਨੂੰ ਚਲਦਾ ਕਰਨ ਦਾ ਇਹ ਫੈਸਲਾ ਲਿਆ।
ਉਨ੍ਹਾਂ ਕਿਹਾ, “ਅਸੀਂ ਸਾਰੇ ਜਾਣਦੇ ਹਾਂ ਕਿ ਭਾਜਪਾ, ਖਾਸ ਕਰਕੇ ਆਰਐਸਐਸ ਅਤੇ ਮਨੀਪੁਰ ਵਿੱਚ ਇਸਦੀਆਂ ਸੰਸਥਾਵਾਂ ਦੀ ਨਫ਼ਰਤ ਦੀ ਰਾਜਨੀਤੀ ਆਪਣੀਆਂ ਹੱਦਾਂ ਪਾਰ ਕਰ ਗਈ ਹੈ। 22 ਮਹੀਨਿਆਂ ਬਾਅਦ, ਭਾਜਪਾ ਨੇ ਇਸ ‘ਤੇ ਕਾਰਵਾਈ ਕੀਤੀ ਹੈ। ਨਾਲ ਹੀ ਕਾਂਗਰਸ ਪਾਰਟੀ ਅਤੇ ਹੋਰ ਵਿਰੋਧੀ ਪਾਰਟੀਆਂ ਵੱਲੋਂ ਬੇਭਰੋਸਗੀ ਮਤਾ ਲਿਆਉਣ ਤੋਂ ਪਹਿਲਾਂ, ਉਨ੍ਹਾਂ ਕਾਹਲੀ ਵਿਚ ਇਹ ਫੈਸਲਾ ਲਿਆ ਹੈ।”
ਗ਼ੌਰਤਲਬ ਹੈ ਕਿ ਬੀਰੇਨ ਸਿੰਘ ਨੇ ਮਨੀਪੁਰ ਦੇ ਨਸਲੀ ਹਿੰਸਾ ਦੀ ਅੱਗ ਵਿਚ ਸੜਨ ਦੇ ਕਰੀਬ ਦੋ ਸਾਲ ਬਾਅਦ ਐਤਵਾਰ ਨੂੰ ਰਾਜ ਭਵਨ ਵਿੱਚ ਰਾਜਪਾਲ ਅਜੈ ਕੁਮਾਰ ਭੱਲਾ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ।
ਮਨੀਪੁਰ ਵਿੱਚ ਮੈਤੇਈ ਅਤੇ ਕੁਕੀ ਭਾਈਚਾਰਿਆਂ ਵਿਚਕਾਰ ਹਿੰਸਾ 3 ਮਈ, 2023 ਨੂੰ ਆਲ ਟ੍ਰਾਈਬਲ ਸਟੂਡੈਂਟਸ ਯੂਨੀਅਨ ਆਫ਼ ਮਨੀਪੁਰ (ਏਟੀਐਸਯੂਐਮ) ਦੀ ਇੱਕ ਰੈਲੀ ਤੋਂ ਬਾਅਦ ਭੜਕ ਉੱਠੀ।
ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਬੀਰੇਨ ਸਿੰਘ ਨੇ ਜਨਤਾ, ਸੁਪਰੀਮ ਕੋਰਟ ਅਤੇ ਕਾਂਗਰਸ ਦੇ ਵਧਦੇ ਦਬਾਅ ਦੌਰਾਨ ਅਸਤੀਫਾ ਦੇ ਦਿੱਤਾ। ਉਨ੍ਹਾਂ ਬੀਰੇਨ ਸਿੰਘ ‘ਤੇ ਮਨੀਪੁਰ ਵਿੱਚ ਵੰਡ ਨੂੰ ‘ਭੜਕਾਉਣ’ ਦਾ ਦੋਸ਼ ਵੀ ਲਗਾਇਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ‘ਉਨ੍ਹਾਂ ਨੂੰ ਅਹੁਦੇ ’ਤੇ ਬਣੇ ਰਹਿਣ ਦੇਣ’ ਦਾ ਦੋਸ਼ ਵੀ ਲਗਾਇਆ।
ਰਾਹੁਲ ਗਾਂਧੀ ਨੇ X ‘ਤੇ ਪਾਈ ਪੋਸਟ ਵਿਚ ਕਿਹਾ, “ਲਗਭਗ ਦੋ ਸਾਲਾਂ ਤੱਕ, ਭਾਜਪਾ ਦੇ ਮੁੱਖ ਮੰਤਰੀ ਬੀਰੇਨ ਸਿੰਘ ਨੇ ਮਨੀਪੁਰ ਵਿੱਚ ਫੁੱਟ ਨੂੰ ਭੜਕਾਇਆ। ਮਨੀਪੁਰ ਵਿੱਚ ਹਿੰਸਾ, ਜਾਨੀ ਨੁਕਸਾਨ ਅਤੇ ਭਾਰਤ ਦੇ ਵਿਚਾਰ ਦੇ ਵਿਨਾਸ਼ ਦੇ ਬਾਵਜੂਦ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਅਹੁਦੇ ਉਤੇ ਬਣੇ ਰਹਿਣ ਦਿੱਤਾ।’’