ਸੌਰਵ ਗਾਂਗੁਲੀ ‘ਦਾਦਾ’ ਦਾ ਥਾਂ ਰੋਜਰ ਬਿਨੀ ਨੂੰ ਬੀਸੀਸੀਆਈ ਪ੍ਰਧਾਨ ਬਣਾਏ ਜਾਣ ਨੂੰ ਲੈ ਕੇ ਬੰਗਾਲ ’ਚ ਸਿਆਸਤ ਸ਼ੁਰੂ ਹੋ ਗਈ ਹੈ। ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਨੇ ਇਸ ਨੂੰ ਲੈ ਕੇ ਭਾਜਪਾ ’ਤੇ ਨਿਸ਼ਾਨਾ ਲਾਇਆ ਹੈ। ਪਾਰਟੀ ਦੇ ਰਾਜ ਸਭਾ ਮੈਂਬਰ ਡਾ. ਸ਼ਾਂਤਨੂੰ ਸੇਨ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੁਝ ਮਹੀਨੇ ਪਹਿਲਾਂ ਹੀ ਸੌਰਵ ਦੇ ਘਰ ਗਏ ਸਨ। ਖਬਰ ਹੈ ਕਿ ਸੌਰਵ ਨਾਲ ਵਾਰ ਵਾਰ ਭਾਜਪਾ ’ਚ ਸ਼ਾਮਲ ਹੋਣ ਲਈ ਸੰਪਰਕ ਕੀਤਾ ਜਾ ਰਿਹਾ ਸੀ। ਸੰਭਾਵ ਹੈ ਕਿ ਉਨ੍ਹਾਂ ਨੇ ਭਾਜਪਾ ’ਚ ਸ਼ਾਮਲ ਹੋਣ ’ਤੇ ਅਸਹਿਮਤੀ ਪ੍ਰਗਟਾਈ ਹੋਵੇਗੀ। ਉਹ ਤ੍ਰਿਣਮੂਲ ਕਾਂਗਰਸ ਸ਼ਾਸਿਤ ਸਾਬੇ ਬੰਗਾਲ ਤੋਂ ਵੀ ਹਨ, ਇਸ ਲਈ ਸਿਆਸੀ ਬਦਲਾਖੋਰੀ ਦੇ ਸ਼ਿਕਾਰ ਹੋ ਗਏ। ਸੇਨ ਨੇ ਸਵਾਲ ਕੀਤਾ ਕਿ ਜਦੋਂ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਬੀਸੀਸੀਆਈ ਦੇ ਸਕੱਤਰ ਬਣੇ ਰਹਿ ਸਕਦੇ ਹਨ ਤਾਂ ਸੌਰਨ ਪ੍ਰਧਾਨ ਕਿਉਂ ਨਹੀਂ?
ਉਧਰ, ਪਾਰਟੀ ਦੇ ਬੁਲਾਰੇ ਕੁਣਾਲ ਘੋਸ਼ ਨੇ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਭਾਜਪਾ ਸੌਰਵ ਗਾਂਗੁਲੀ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮਾਮਲੇ ’ਤੇ ਜਵਾਬ ਦੇਣ ਦੀ ਜ਼ਿੰਮੇਵਾਰੀ ਭਾਜਪਾ ਦੀ ਹੈ। ਦੂਜੇ ਪਾਸੇ, ਭਾਜਪਾ ਨੇ ਤ੍ਰਿਣਮੂਲ ਕਾਂਗਰਸ ਦੇ ਦੋਸ਼ ਦਾ ਖੰਡਨ ਕੀਤਾ ਹੈ। ਪਾਰਟੀ ਦੇ ਰਾਸ਼ਟਰੀ ਉਪ ਪ੍ਰਧਾਨ ਦਿਲੀਪ ਘੋਸ਼ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਭਾਜਪਾ ਨੇ ਕਦੋਂ ਸੌਰਵ ਨੂੰ ਪਾਰਟੀ ’ਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ। ਉਹ ਕ੍ਰਿਕਟ ਦੀ ਦੁਨੀਆ ਦੇ ਦਿੱਗਜ ਹਨ। ਕੁਝ ਲੋਕ ਬੀਸੀਸੀਆਈ ’ਚ ਬਦਲਾਅ ਹੋਣ ’ਤੇ ਮਗਰਮੱਛ ਦੇ ਹੰਝੂ ਵਹਾਅ ਰਹੇ ਹਨ। ਤ੍ਰਿਣਮੂਲ ਕਾਂਗਰਸ ਨੂੰ ਹਰ ਮੁੱਦੇ ਦਾ ਸਿਆਸੀਕਰਨ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ। ਭਾਜਪਾ ਦੇ ਸੀਨੀਅਰ ਨੇਤਾ ਰਾਹੁਲ ਸਿਨਹਾ ਨੇ ਕਿਹਾ ਕਿ ਇਹ ਕ੍ਰਿਕਟ ਦੀ ਦੁਨੀਆ ਨਾਲ ਜੁਡ਼ਿਆ ਮਾਮਲਾ ਹੈ ਤੇ ਕ੍ਰਿਕਟ ਨਾਲ ਜੁਡ਼ੇ ਲੋਕ ਹੀ ਇਸ ’ਤੇ ਟਿੱਪਣੀ ਕਰ ਸਕਦੇ ਹਨ। ਇਸਦਾ ਸਿਆਸਤ ਨਾਲ ਕੋਈ ਵਾਸਤਾ ਨਹੀਂ ਹੈ। ਤ੍ਰਿਣਮੂਲ ਨੂੰ ਭਾਜਪਾ ’ਤੇ ਹਮਲਾ ਕਰਨ ਲਈ ਕੋਈ ਮੁੱਦਾ ਨਹੀਂ ਮਿਲ ਰਿਹਾ, ਇਸ ਲਈ ਉਹ ਇਸਦਾ ਸਿਆਸੀਕਰਨ ਕਰ ਰਹੀ ਹੈ।
ਭਾਜਪਾ ਦੇ ਸੰਸਦ ਮੈਂਬਰ ਲਾਕੇਟ ਚੈਟਰਜੀ ਨੇ ਕਿਹਾ ਕਿ ਸੌਰਵ ਗਾਂਗੁਲੀ ਬੰਗਾਲ ਦਾ ਮਾਣ ਹਨ। ਇਸਦਾ ਸਿਆਸਤ ਨਾਲ ਕੋਈ ਵਾਸਤਾ ਨਹੀਂ ਹੈ। ਆਉਣ ਵਾਲੇ ਦਿਨਾਂ ’ਚ ਸੌਰਵ ਹੋਰ ਉਚਾਈਆਂ ’ਤੇ ਜਾਣਗੇ। ਜੋ ਲੋਕ ਪਰਿਵਾਰ ਤੰਤਰ ਦੀ ਨਿਖੇਧੀ ਕਰ ਰਹੇ ਹਨ, ਉਹ ਦੇਖਣ ਕਿ ਪੀਸੀ-ਭਾਈਪੋ (ਮਮਤਾ ਬੈਨਰਜੀ-ਅਭਿਸ਼ੇਕ ਬੈਨਰਜੀ) ਮਾਨਿਕ ਭੱਟਾਚਾਰਿਆ, ਅਨੁਬ੍ਰਤ ਮੰਡਲ ਤੇ ਪਰੇਸ਼ ਅਧਿਕਾਰੀ ਨੇ ਆਪਣੇ ਪਰਿਵਾਰਾਂ ਲਈ ਕੀ ਕੀਤਾ ਹੈ। ਭਾਜਪਾ ਪਰਿਵਾਰ ਤੰਤਰ ’ਚ ਵਿਸ਼ਵਾਸ ਨਹੀਂ ਕਰਦੀ।