Saha Skip Ranji Trophy : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਨੂੰ ਰਣਜੀ ਟਰਾਫੀ ਵਿੱਚ ਦਿੱਲੀ ਖ਼ਿਲਾਫ਼ ਹੋਣ ਵਾਲੇ ਮੈਚ ਵਿੱਚ ਨਾ ਖੇਡਣ ਲਈ ਕਿਹਾ ਹੈ। ਸਾਹਾ ਨਿਊਜ਼ੀਲੈਂਡ ਦੌਰੇ ਲਈ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਣ, ਇਸੇ ਕਰਕੇ ਬੋਰਡ ਨੇ ਇਹ ਸਾਵਧਾਨੀ ਵਾਲਾ ਕਦਮ ਚੁੱਕਿਆ ਹੈ। ਪਿਛਲੇ ਸਾਲ ਨਵੰਬਰ ਵਿਚ ਬੰਗਲਾਦੇਸ਼ ਖ਼ਿਲਾਫ਼ ਡੇ-ਨਾਈਟ ਟੈਸਟ ਮੈਚ ਦੌਰਾਨ 35 ਸਾਲਾ ਸਾਹਾ ਦੀ ਉਂਗਲੀ ‘ਤੇ ਸੱਟ ਲੱਗੀ ਸੀ ਅਤੇ ਫਿਲਹਾਲ ਉਹ ਉਸ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਹਨ। ਪੱਛਮੀ ਬੰਗਾਲ ਨੇ ਮੰਗਲਵਾਰ ਨੂੰ ਆਪਣੇ ਰਣਜੀ ਟਰਾਫੀ ਮੈਚ ਵਿੱਚ ਹੈਦਰਾਬਾਦ ਨੂੰ 303 ਦੌੜਾਂ ਨਾਲ ਹਰਾਇਆ ਸੀ।
ਬੰਗਾਲ ਦੇ ਕੋਚ ਅਰੁਣ ਲਾਲ ਨੇ ਮੈਚ ਤੋਂ ਬਾਅਦ ਕਿਹਾ, ‘ਸਾਹਾ ਐਤਵਾਰ ਤੋਂ ਦਿੱਲੀ ਖਿਲਾਫ ਖੇਡੇ ਜਾਣ ਵਾਲੇ ਮੈਚ ਵਿੱਚ ਨਹੀਂ ਖੇਡ ਰਹੇ। ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਬੀ.ਸੀ.ਸੀ.ਆਈ ਨੇ ਉਨ੍ਹਾਂ ਨੂੰ ਇਸ ਮੈਚ ਵਿਚ ਨਾ ਖੇਡਣ ਲਈ ਕਿਹਾ ਹੈ। ਕੋਚ ਨੇ ਕਿਹਾ, “ਇਹ ਉਨ੍ਹਾਂ ਲਈ ਚੰਗਾ ਰਹੇਗਾ।” ਭਾਰਤ ਨੇ ਨਿਊਜ਼ੀਲੈਂਡ ਦੌਰੇ ‘ਤੇ 21 ਫਰਵਰੀ ਤੋਂ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ।
ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਗਿੱਟੇ ਦੀ ਸੱਟ ਕਾਰਨ ਪਹਿਲਾਂ ਹੀ ਨਿਊਜ਼ੀਲੈਂਡ ਦੌਰੇ ਤੋਂ ਬਾਹਰ ਹੋ ਗਿਆ ਹੈ। ਇਸ਼ਾਂਤ ਨੂੰ ਵਿਦਰਭ ਖਿਲਾਫ ਰਣਜੀ ਟਰਾਫੀ ਮੈਚ ਵਿੱਚ ਗਿੱਟੇ ਦੀ ਸੱਟ ਲੱਗੀ ਸੀ। ਇਹ ਸੱਟ ਗਰੇਡ -3 ਦੀ ਹੈ, ਜਿਸ ਕਾਰਨ ਇਸ਼ਾਂਤ ਨੂੰ ਛੇ ਹਫ਼ਤਿਆਂ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ।