ਤੰਜਾਨੀਆ ਦੇ ਰਾਸ਼ਟਰਪਤੀ ਜਾਨ ਪਾਮਬੇ ਮਗੁਫੁਲੀ ਦਾ ਦਿਲ ਦਾ ਦੌਰਾ ਪੈਣ ਤੋਂ ਬਾਅਦ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਨਿਕਨੇਮ ਬੁਲਡੋਜ਼ਰ ਸੀ। ਉਨ੍ਹਾਂ ਨੂੰ ਇਹ ਨਾਂ ਉਨ੍ਹਾਂ ਦੀਆਂ ਨੀਤੀਆਂ ਦੀ ਵਜ੍ਹਾ ਨਾਲ ਮਿਲਿਆ ਸੀ। ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਉਪ ਰਾਸ਼ਟਰਪਤੀ ਸਾਮੀਆ ਸੁਲਹੁ ਹਸਨ ਨੇ ਦਿੱਤੀ ਹੈ। ਕੁਝ ਸਮੇਂ ਪਹਿਲਾਂ ਉਨ੍ਹਾਂ ਨੂੰ ਕੋਰੋਨਾ ਨਾਲ ਪੀੜਤ ਹੋਣ ਦਾ ਸ਼ੱਕ ਪ੍ਰਗਟਾਇਆ ਗਿਆ ਸੀ।
ਉਹ ਕਰੀਬ ਦੋ ਹਫ਼ਤੇ ਤੋਂ ਜ਼ਿਆਦਾ ਸਮੇਂ ਤੋਂ ਜਨਤਕ ਤੌਰ ’ਤੇ ਦੇਖੇ ਨਹੀਂ ਗਏ ਸੀ। ਇਸ ਲਈ ਇਹ ਸ਼ੱਕ ਪ੍ਰਗਟਾਇਆ ਗਿਆ ਕਿ ਉਨ੍ਹਾਂ ਦੀ ਮੌਤ ਦੀ ਵਜ੍ਹਾ ਕੋਵਿਡ-19 ਹੋ ਸਕਦੀ ਹੈ। ਹਾਲਾਂਕਿ ਉਪ ਰਾਸ਼ਟਰਪਤੀ ਨੇ ਇਸ ਸ਼ੱਕ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਉਹ ਕਾਫੀ ਸਮੇਂ ਤੋਂ ਦਿਲ ਦੀ ਬਿਮਾਰੀ ਨਾਲ ਜੂਝ ਰਹੇ ਸੀ। ਹਸਨ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਉਹ ਹੋਰ ਦੇਸ਼ਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ’ਤੇ ਧਿਆਨ ਨਾ ਦੇਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਬੇਹੱਦ ਆਮ ਗੱਲ ਹੈ ਕਿ ਫਲੂ ਜਾਂ ਬਿਮਾਰ ਹੋਣ ’ਤੇ ਡਾਕਟਰ ਨੂੰ ਦਿਖਾਇਆ ਜਾਂਦਾ ਹੈ। ਸਰਕਾਰ ਵੱਲੋਂ ਉਨ੍ਹਾਂ ਦੇ ਦੇਹਾਂਤ ’ਤੇ ਦੋ ਹਫ਼ਤੇ ਦੇ ਸ਼ੋਕ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਸਾਰੇ ਸਰਕਾਰੀ ਇਮਾਰਤਾਂ ’ਤੇ ਰਾਸ਼ਟਰੀ ਝੰਡੇ ਅੱਧੇ ਝੁਕੇ ਰਹਿਣਗੇ।