ਫਰੀਦਕੋਟ, 6 ਜੁਲਾਈ, (ਪੋਸਟ ਬਿਊਰੋ)- ਪੰਜ ਸਾਲ ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੇ ਵਕਤ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਢਲੇ ਕੇਸ ਦੀ ਜਾਂਚ ਲਈ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ ਆਈ ਟੀ) ਨੇ ਅੱਜ ਏਥੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿਚ ਚਲਾਣ ਪੇਸ਼ ਕਰ ਕੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ, ਜਿਹੜਾ ਇਸ ਵਕਤ ਹਰਿਆਣਾ ਦੇ ਰੋਹਤਕ ਜਿ਼ਲੇ ਦੀ ਸੋਨਾਰੀਆ ਜੇਲ ਵਿਚ ਬੰਦ ਹੈ, ਦੇ ਨਾਲ ਡੇਰਾ ਨੈਸ਼ਨਲ ਕਮੇਟੀ ਦੇ 3 ਮੈਂਬਰਾਂ ਹਰਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਨੂੰ ਵੀ ਨਾਮਜ਼ਦ ਕਰ ਲਿਆ ਹੈ। ਇਨ੍ਹਾਂ ਸਭ ਦਾ ਸਬੰਧ ਡੇਰਾ ਸਿਰਸਾ ਨਾਲ ਹੈ ਅਤੇ ਇਨ੍ਹਾਂ ਨੂੰ ਮੁੱਢਲੇ ਕੇਸ ਨੰਬਰ 63 ਵਿਚ ਨਾਮਜ਼ਦ ਕੀਤਾ ਗਿਆ ਹੈ।
ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਦੇ ਇੰਚਾਰਜ ਡੀ ਆਈ ਜੀ ਰਣਬੀਰ ਸਿੰਘ ਖੱਟੜਾ ਨੇ ਅੱਜ ਏਥੇ ਦੱਸਿਆ ਕਿ ਡੇਰਾ ਮੁਖੀ ਦੇ ਨਾਲ ਇਸ ਕੇਸ ਵਿੱਚ ਸ਼ਾਮਲ ਕੀਤੇ ਤਿੰਨ ਜਣਿਆਂ ਦੇ ਵਾਰੰਟ ਅਦਾਲਤ ਤੋਂ ਲੈ ਲਏ ਗਏ ਹਨ, ਜਦ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਰੋਹਤਕ ਦੀ ਸੁਨਾਰੀਆ ਜੇਲ ਵਿੱਚੋਂ ਕਾਨੂੰਨ ਅਨੁਸਾਰ ਪ੍ਰੋਡਕਸ਼ਨ ਵਾਰੰਟ ਜਾਰੀ ਹੋਣ ਪਿੱਛੋਂ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਗ੍ਰਿਫਤਾਰ ਕੀਤੇ ਗਏ 5 ਦੋਸ਼ੀਆਂ ਨੇ ਇਹ ਮੰਨਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਨ ਲਈ ਉਨ੍ਹਾਂ ਨੂੰ ਸਿਰਸਾ ਡੇਰੇ ਦੇ ਸੀਨੀਅਰ ਆਗੂਆਂ ਵੱਲੋਂ ਫੋਨ ਆਉਂਦੇ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਉੱਤੇ ਹੋਰ ਵੀ ਖੁਲਾਸੇ ਹੋਣ ਅਤੇ ਕਈ ਲੋਕਾਂ ਦੇ ਨਾਮ ਇਸ ਜੁਰਮ ਵਿੱਚ ਆਉਣ ਦੀ ਆਸ ਹੈ। ਡੀ ਆਈ ਜੀ ਨੇ ਦੱਸਿਆ ਕਿ ਬੀਤੀ 22 ਅਪ੍ਰੈਲ 2020 ਨੂੰ ਇਸ ਬਾਰੇ ਐੱਸ ਆਈ ਟੀ ਨੂੰ ਜ਼ਿੰਮੇਵਾਰੀ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੂਰੀ ਇਮਾਨਦਾਰੀ ਨਾਲ ਰਿਪੋਰਟ ਪੇਸ਼ ਕਰ ਦਿੱਤੀ ਹੈ।
ਇਸ ਦੌਰਾਨ ਇਸੇ ਬੇਅਦਬੀ ਕੇਸ ਵਿਚ ਐੱਸ ਆਈ ਟੀ ਵਲੋਂ ਪਹਿਲਾਂ ਗ੍ਰਿਫਤਾਰ ਕੀਤੇ ਗਏ ਪੰਜ ਡੇਰਾ ਪ੍ਰੇਮੀਆਂ ਨੂੰ ਅੱਜ ਦੋ ਦਿਨਾ ਪੁਲਸ ਰਿਮਾਂਡ ਖਤਮ ਹੋਣ ਪਿੱਛੋਂ ਸਥਾਨਕ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਅਦਾਲਤ ਦੇ ਹੁਕਮਾਂ ਉੱਤੇ ਇਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ ਹੈ। ਪੇਸ਼ੀ ਤੋਂ ਪਹਿਲਾਂ ਐੱਸ ਆਈ ਟੀ ਦੀ ਜਾਂਚ ਦੌਰਾਨ ਪਤਾ ਲੱਗਾ ਸੀ ਕਿ ਇਨ੍ਹਾਂ ਪੰਜਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਿੰਡ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਚੋਰੀ ਕਰ ਕੇ ਪਹਿਲਾਂ ਕੋਟਕਪੂਰਾ ਬਲਾਕ ਦੇ ਨਾਮ ਚਰਚਾ ਘਰ ਵਿਖੇ ਲਿਆਂਦਾ ਤੇ ਫਿਰ ਉਸ ਨੂੰ ਪਿੰਡ ਸਿੱਖਾਂਵਾਲਾ ਦੇ ਇਕ ਵਿਅਕਤੀ ਦੇ ਘਰ ਵਿਚ ਲੁਕੋ ਕੇ ਰੱਖਿਆ ਸੀ। ਇਸ ਜਾਂਚ ਦੌਰਾਨ ਇਹ ਤੱਥ ਵੀ ਸਾਹਮਣੇ ਆਏ ਕਿ ਇਨ੍ਹਾਂ ਲੋਕਾਂ ਨੇ ਹੀ ਗੁਰੂਦੁਆਰਾ ਸਾਹਿਬ ਵਿਖੇ ਭੱਦੀ ਸ਼ਬਦਾਵਲੀ ਵਾਲੇ ਪੋਸਟਰ ਲਾਏ ਤੇ ਬਰਗਾੜੀ ਦੀਆਂ ਗਲੀਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰ ਕੇ ਇਸ ਦੀ ਬੇਅਦਬੀ ਕੀਤੀ ਸੀ।
next post