ਸਕੂਲ ਲਾਇਬਰੇਰੀਆਂ ਤੇ ਧਿਆਨ ਦੇਵੇ ਸਰਕਾਰ :- ਦੁੱਲਟ
ਪਟਿਆਲਾ 26 ਮਈ (..) ਪਿਛਲੇ ਦਿਨੀਂ ਪੰਜਾਬ ਸਰਕਾਰ ਨੇ 59 ਲਾਇਬਰੇਰੀਅਨਾਂ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਕੇ ਬੇਰੁਜ਼ਗਾਰ ਲਾਇਬਰੇਰੀਅਨ ਨਾਲ ਕੋਝਾ ਮਜ਼ਾਕ ਕੀਤਾ ਹੈ। ਫਰੰਟ ਦੇ ਸੂਬਾ ਕਨਵੀਨਰ ਹਰਜਿੰਦਰ ਸਿੰਘ ਹੈਰੀ ਦੁੱਲਟ ਅਤੇ ਸਹਾਇਕ ਕਨਵੀਨਰ ਹਰਪ੍ਰੀਤ ਸਿੰਘ ਉੱਭਾਵਾਲ ਨੇ ਦੱਸਿਆ ਕਿ ਇਹ 57 ਪੋਸਟਾਂ ਉਹ ਹਨ ਜੋ ਪਿਛਲੀ ਸਰਕਾਰ ਵੱਲੋਂ ਪਹਿਲਾਂ ਹੀ 750 ਪੋਸਟਾਂ ਵਿੱਚੋਂ ਘਟਾ ਕੇ 693 ਕਰ ਦਿੱਤੀਆਂ ਗਈਆਂ ਸਨ। ਉਨ੍ਹਾਂ ਨੂੰ ਹੀ ਦੁਬਾਰਾ ਸਿਰਫ ਨਵੀਂਆਂ 2 ਪੋਸਟਾਂ ਜੋੜ ਕੇ 59 ਪੋਸਟਾਂ ਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ ਜਦ ਕਿ ਬੇਰੁਜ਼ਗਾਰ ਫਰੰਟ ਵੱਲੋਂ ਸਰਕਾਰ ਤੋਂ ਵਾਰ ਵਾਰ 57 ਪੋਸਟਾਂ ਨੂੰ ਪਿਛਲੀ ਭਰਤੀ ਵਿਚ ਹੀ ਸ਼ਾਮਲ ਕਰਨ ਅਤੇ 3000 ਨਵੀਆਂ ਪੋਸਟਾਂ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕਰਦੇ ਰਹੇ ਪਰ ਸਰਕਾਰ ਬੇਰੁਜ਼ਗਾਰ ਲਾਇਬਰੇਰੀਅਨਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਦੇ ਹੋਏ ਉਨ੍ਹਾਂ ਦੀਆਂ ਜੇਬਾਂ ਤੇ ਵਾਰ-ਵਾਰ ਡਾਕਾ ਮਾਰਨ ਲਈ ਕੋਝੀਆਂ ਚਾਲਾਂ ਚੱਲ ਰਹੀ ਹੈ ਉਨ੍ਹਾਂ ਅੱਗੇ ਦੱਸਦੇ ਹੋਏ ਕਿਹਾ ਕਿ ਪੰਜਾਬ ਦੇ ਬਹੁਤ ਥੋੜ੍ਹੀਆਂ ਸਕੂਲ ਲਾਇਬਰੇਰੀਆਂ ਹਨ ਜਿਨ੍ਹਾਂ ਵਿੱਚ ਲਾਇਬਰੇਰੀਅਨ ਤੈਨਾਤ ਹਨ ਜਦੋਂ ਕਿ ਬਹੁਤ ਸਾਰੇ ਸਕੂਲਾਂ ਦੀਆਂ ਲਾਇਬਰੇਰੀਆਂ ਵਿੱਚ ਲਾਇਬਰੇਰੀਅਨ ਨਾ ਹੋਣ ਕਰਕੇ ਰੱਬ ਆਸਰੇ ਹੀ ਚੱਲ ਰਹੀਆਂ ਹਨ । ਸਰਕਾਰ ਪੁਰਾਣੀਆਂ ਘਟਾਈਆਂ ਅਸਾਮੀਆਂ ਦਾ ਨਵਾਂ ਇਸ਼ਤਿਹਾਰ ਜਾਰੀ ਕਰ ਕੇ ਨਵੀਂਆਂ ਅਸਾਮੀਆਂ ਕੱਢਣ ਦਾ ਡਰਾਮਾ ਰਚ ਰਹੀ ਹੈ । ਫਰੰਟ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ 57 ਅਸਾਮੀਆਂ ਨੂੰ ਪੁਰਾਣੀ ਭਰਤੀ ਵਿੱਚ ਹੀ ਸ਼ਾਮਲ ਕਰਕੇ 750 ਦੀ ਭਰਤੀ ਨੂੰ ਪੂਰਾ ਕੀਤਾ ਜਾਵੇ ਅਤੇ 3000 ਨਵੀਂਆਂ ਸਕੂਲ ਲਾਇਬਰੇਰੀਅਨਾਂ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰੇ ।