ਗੜ੍ਹਦੀਵਾਲਾ : ਥਾਣਾ ਗੜ੍ਹਦੀਵਾਲਾ ਪੁਲਿਸ ਨੇ ਬੈਂਕ ਖਾਤੇ ’ਚੋਂ ਕਰੋੜਾਂ ਦੀ ਠੱਗੀ ਮਾਮਲੇ ਵਿਚ ਦੋ ਹੋਰ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਮਨਜੋਤ ਸਿੰਘ ਵਾਸੀ ਤਲਵੰਡੀ ਜੱਟਾਂ, ਥਾਣਾ ਗੜ੍ਹਦੀਵਾਲਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਗੁਰਿੰਦਰਜੀਤ ਸਿੰਘ ਵਾਸੀ ਜੀਆ ਸਹੋਤਾ ਦੀ ਮੌਤ ਤੋਂ ਬਾਅਦ ਗੁਰਿੰਦਰਜੀਤ ਸਿੰਘ ਦੇ ਪੰਜਾਬ ਨੈਸ਼ਨਲ ਬੈਂਕ ਗੜ੍ਹਦੀਵਾਲਾ ਵਿਚ 2 ਬੈਂਕ ਖਾਤਿਆਂ ਵਿਚ ਜਮ੍ਹਾਂ ਰਾਸ਼ੀ ਵਿੱਚੋਂ 1,25,55,127 ਰੁਪਏ ਵੱਖ-ਵੱਖ ਵਿਅਕਤੀਆਂ ਦੇ ਨਾਂ ’ਤੇ ਟਰਾਂਸਫਰ ਕਰ ਦਿੱਤੇ ਗਏ। ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਸ਼ਰਨਜੀਤ ਸਿੰਘ ਵਾਸੀ ਜੀਆ ਸਹੋਤਾ ਕਲਾਂ ਥਾਣਾ ਗੜ੍ਹਦੀਵਾਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਪੁਲਿਸ ਰਿਮਾਂਡ ’ਤੇ ਚੱਲ ਰਿਹਾ ਸੀ।
ਤਫਤੀਸ਼ ਦੌਰਾਨ ਪੁਲਿਸ ਨੇ ਕੇਹਰ ਸਿੰਘ ਅਤੇ ਗੁਰਜੀਤ ਕੌਰ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ਰਨਜੀਤ ਸਿੰਘ ਦੀ ਨਿਸ਼ਾਨਦੇਹੀ ’ਤੇ ਗੜ੍ਹਦੀਵਾਲਾ ਪੁਲਿਸ ਨੇ ਨਵੀਂ ਕਾਰ ਸਵਿਫਟ ਬਰਾਮਦ ਕਰ ਲਈ ਹੈ ਜੋ ਕਿ ਆਂਚਲ ਨੇ ਆਪਣੇ ਭਰਾ ਉਂਕਾਰ ਸਿੰਘ ਦੇ ਨਾਂ ’ਤੇ 9 ਲੱਖ ਰੁਪਏ ਦੀ ਖਰੀਦੀ ਹੈ। ਹੁਣ ਤੱਕ ਉਕਤ ਵਿਅਕਤੀਆਂ ਦੇ ਖਾਤਿਆਂ ਵਿਚ ਠੱਗੀ ਰਾਂਹੀ ਟਰਾਂਸਫਰ ਕਰਵਾਈ ਰਾਸ਼ੀ ਫਰੀਜ਼ ਕਰਵਾਈ ਜਾ ਰਹੀ ਹੈ। ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।