ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਉਹ ਇਮੀਗ੍ਰੇਸ਼ਨ ਨਿਯਮਾਂ ਨੂੰ ਸਮੀਖਿਆ ਦੇ ਘੇਰੇ ’ਚ ਲਿਆਉਣਗੇ। ਟਰੱਕ ਡਰਾਈਵਰਾਂ ਦੀ ਕਮੀ ਨਾਲ ਨਜਿੱਠਣ ਲਈ ਉਨ੍ਹਾਂ ਨੇ ਆਰਜ਼ੀ ਵੀਜ਼ੇ ਜਾਰੀ ਕਰਨ ਦੇ ਸੰਕੇਤ ਦਿੱਤੇ ਹਨ ਤਾਂਕਿ ਡਰਾਈਵਰਾਂ ਦੀ ਕਮੀ ਨਾਲ ਬਰਤਾਨੀਆ ’ਚ ਪੈਟਰੋਲ, ਡੀਜ਼ਲ ਤੇ ਗੈਸ ਦੀ ਸਪਲਾਈ ’ਚ ਪਰੇਸ਼ਾਨੀ ਹੋਣ ਨਾਲ ਹੋਈ ਈਂਧਣ ਦੀ ਕਿੱਲਤ ਨੂੰ ਦੂਰ ਕੀਤਾ ਜਾ ਸਕੇ।
ਬਰਤਾਨੀਆ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ 5000 ਵਿਦੇਸ਼ੀ ਟਰੱਕ ਡਰਾਈਵਰਾਂ ਤੇ 5500 ਪੋਲਟਰੀ ਕਾਮਿਆਂ ਲਈ ਉਹ ਆਰਜ਼ੀ ਵੀਜ਼ਾ ਜਾਰੀ ਕਰੇਗਾ। ਡਰਾਈਵਰਾਂ ਤੇ ਪੋਲਟਰੀ ਕਾਮਿਆਂ ਦੀ ਕਮੀ ਨਾਲ ਗੈਸ ਸਟੇਸ਼ਨਾਂ ’ਚ ਈਂਧਣ ਦੀ ਸਪਲਾਈ ’ਚ ਅੜਿੱਕਾ ਤੇ ਖ਼ੁਰਾਕੀ ਉਤਪਾਦਨ ’ਚ ਮੁਸ਼ਕਲ ਪੈਦਾ ਹੋ ਗਈ ਹੈ।
ਬਰਤਾਨੀਆ ਦੀ ਰੋਡ ਹਾਲੇਜ ਐਸੋਸੀਏਸ਼ਨ (ਆਰਐੱਚਏ) ਨੇ ਕਿਹਾ ਕਿ ਕਾਮਿਆਂ ਵੱਲੋਂ ਸਨਅਤ ਛੱਡਣ ਕਾਰਨ ਦੇਸ਼ ਇਕ ਲੱਖ ਡਰਾਈਵਰਾਂ ਦੀ ਕਮੀ ਨਾਲ ਜੂਝ ਰਿਹਾ ਹੈ। ਮਹਾਮਾਰੀ ਨੇ ਲਗਪਗ ਇਕ ਸਾਲ ਤੋਂ ਡਰਾਈਵਰਾਂ ਦੀ ਟ੍ਰੇਨਿੰਗ ਤੇ ਜਾਂਚ ’ਤੇ ਰੋਕ ਲਾਈ ਹੋਈ ਸੀ। ਬ੍ਰੈਗਜ਼ਿਟ ਤੋਂ ਬਾਅਦ ਤੋਂ ਇਮੀਗ੍ਰੇਸ਼ਨ ਨਿਯਮਾਂ ਨੇ ਯੂਰਪ ਤੋਂ ਡਰਾਈਵਰਾਂ ਨੂੰ ਕੰਮ ’ਤੇ ਰੱਖਣ ’ਤੇ ਰੋਕ ਲਾ ਦਿੱਤੀ ਹੈ।
ਇਕ ਹਸਪਤਾਲ ਦੇ ਦੌਰੇ ’ਤੇ ਆਏ ਜੌਨਸਨ ਨੇ ਕਿਹਾ ਕਿ ਮੌਜੂਦਾ ਪ੍ਰਣਾਲੀ ਸਾਨੂੰ ਇਮੀਗ੍ਰੇਸ਼ਨ ਨੂੰ ਕੰਟਰੋਲ ਕਰਨ ਦੀ ਇਜਾਜ਼ਤ ਤੇ ਲਚੀਲਾਪਣ ਮੁਹੱਈਆ ਕਰਵਾਉਂਦੀ ਹੈ। ਜੇ ਲੋੜ ਪਈ ਤਾਂ ਅਸੀਂ ਆਪਣਾ ਬਾਜ਼ਾਰ ਖੋਲ੍ਹਾਂਗੇ ਤੇ ਹਰ ਚੀਜ਼ ਦੀ ਸਮੀਖਿਆ ਕਰਾਂਗੇ।