bolt sends strong message: ਕੋਵਿਡ -19 ਮਹਾਂਮਾਰੀ ਨੇ ਦੁਨੀਆ ਭਰ ਵਿੱਚ ਤਬਾਹੀ ਮਚਾ ਦਿੱਤੀ ਹੈ। ਇਸ ਖਤਰਨਾਕ ਵਾਇਰਸ ਤੋਂ ਬਚਣ ਦਾ ਇੱਕ ਤਰੀਕਾ ਹੈ ਸਮਾਜਕ ਦੂਰੀਆਂ। ਲੋਕਾਂ ਤੋਂ ਜ਼ਰੂਰੀ ਦੂਰੀ ਬਣਾਈ ਰੱਖਣ ਲਈ ਨਿਰੰਤਰ ਅਪੀਲ ਕੀਤੀ ਜਾ ਰਹੀ ਹੈ। ਮਹਾਨ ਜਮਾਇਕਾ ਦੇ ਦੌੜਾਕ ਉਸੈਨ ਬੋਲਟ ਨੇ ਵੀ ਆਪਣੇ ਵਲੋਂ ਇਸ ਦਿਸ਼ਾ ਵਿੱਚ ਪਹਿਲ ਕੀਤੀ ਹੈ। 33 ਸਾਲਾ ਬੋਲਟ ਨੇ ਆਪਣੀ ਪੁਰਾਣੀ ਫੋਟੋ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਇਹ ਤਸਵੀਰ ਉਸ ਇਤਿਹਾਸਕ ਪਲ ਦੀ ਹੈ ਜਦੋਂ ਬੋਲਟ ਨੇ 2008 ਬੀਜਿੰਗ ਓਲੰਪਿਕ ਦਾ 100 ਮੀਟਰ ਫਾਈਨਲ ਜਿੱਤਿਆ ਸੀ। ਉਸ ਸਮੇ ਬੋਲਟ ਨੇ ਇਸ ਦੌੜ ਨੂੰ 9.69 ਸੈਕਿੰਡ ਵਿੱਚ ਪੂਰਾ ਕੀਤਾ ਅਤੇ ਇੱਕ ਵਿਸ਼ਵ ਅਤੇ ਓਲੰਪਿਕ ਰਿਕਾਰਡ ਬਣਾਇਆ ਸੀ।
ਉਸੈਨ ਬੋਲਟ ਨੇ ਨਾ ਸਿਰਫ ਬੀਜਿੰਗ ਦੇ ਨੇਸਟ ਸਟੇਡੀਅਮ ਵਿੱਚ 100 ਮੀਟਰ ਦੀ ਦੌੜ ਜਿੱਤੀ, ਬਲਕਿ ਉਹ ਅਮਰੀਕੀ ਉਪ ਜੇਤੂ ਰਿਚਰਡ ਥੌਮਸਨ ਤੋਂ 0.20 ਸਕਿੰਟ ਅੱਗੇ ਰਿਹਾ ਸੀ। ਥੌਮਸਨ ਦੂਜੇ ਸਥਾਨ ‘ਤੇ ਰਿਹਾ ਸੀ। ਬੋਲਟ ਨੇ ਉਸੇ ਓਲੰਪਿਕ ਦੀ 200 ਮੀਟਰ ਦੌੜ ਵੀ ਜਿੱਤੀ ਸੀ ਅਤੇ ਉਸ ਨੇ ਦੁਬਾਰਾ 19.30 ਸੈਕਿੰਡ ਦੇ ਸਮੇਂ ਨਾਲ ਦੁਨੀਆ ਅਤੇ ਓਲੰਪਿਕ ਦੇ ਰਿਕਾਰਡ ਤੋੜ ਦਿੱਤੇ ਸਨ। ਇਸਦੇ ਨਾਲ ਬੋਲਟ ਡਬਲ ਓਲੰਪਿਕ ਸੋਨ ਤਮਗਾ ਜੇਤੂ ਬਣ ਗਿਆ ਸੀ।
ਬੋਲਟ ਨੇ ਆਪਣੀ ਤਸਵੀਰ ਦੀ ਵਰਤੋਂ ਇਹ ਦਰਸਾਉਣ ਲਈ ਕੀਤੀ ਕਿ ਕਿਵੇਂ ਹਰ ਕਿਸੇ ਨੂੰ ਇਸ ਮੁਸ਼ਕਿਲ ਸਥਿਤੀ ਵਿੱਚ ਲੋੜੀਂਦੀ ਦੂਰੀ ਬਣਾਈ ਰੱਖਣੀ ਚਾਹੀਦੀ ਹੈ। ਬੋਲਟ ਨੇ ਕੈਪਸ਼ਨ ਵਿੱਚ ਵੀ ਲਿਖਿਆ- ‘ਸੋਸ਼ਲ ਦੂਰੀ’। ਬੋਲਟ ਨੇ ਈਸਟਰ ਤੇ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਵੀ ਦਿੱਤੀ। 11 ਵਿਸ਼ਵ ਅਤੇ 8 ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਬੋਲਟ ਨੇ 100 ਮੀਟਰ, 200 ਮੀਟਰ ਅਤੇ 4×100 ਮੀਟਰ ਰੀਲੇਅ ਵਿੱਚ ਵਿਸ਼ਵ ਰਿਕਾਰਡ ਆਪਣੇ ਨਾਮ ਕੀਤਾ ਹੈ।