Brazil President Jair Bolsonaro: ਕੋਰੋਨਾ ਵਾਇਰਸ ਦਾ ਸੰਕਟ ਪੂਰੀ ਦੁਨੀਆ ਵਿੱਚ ਵੱਧਦਾ ਜਾ ਰਿਹਾ ਹੈ । ਪੂਰੀ ਦੁਨੀਆ ਵਿੱਚ ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਇੱਕ ਅਜਿਹਾ ਦੇਸ਼ ਹੈ ਜਿੱਥੇ ਇਹ ਵਾਇਰਸ ਤਬਾਹੀ ਮਚਾ ਰਿਹਾ ਹੈ । ਬ੍ਰਾਜ਼ੀਲ ਵਿੱਚ ਕੋਰੋਨਾ ਕਾਰਨ 688 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 14 ਹਜ਼ਾਰ ਤੋਂ ਵਧੇਰੇ ਇਨਫੈਕਟਿਡ ਹਨ । ਇਸ ਦੌਰਾਨ ਭਾਰਤ ਵੱਲੋਂ ਇਸ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ । ਅਮਰੀਕਾ ਦੇ ਬਾਅਦ ਬ੍ਰਾਜ਼ੀਲ ਨੇ ਵੀ ਭਾਰਤ ਨੂੰ ਇਸ ਮਦਦ ਲਈ ਸ਼ੁਕਰੀਆ ਕਿਹਾ ਹੈ ।
ਦਰਅਸਲ, ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਵੱਲੋਂ ਪੀ.ਐੱਮ. ਮੋਦੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਹਨੂੰਮਾਨ ਜੀ ਵੱਲੋਂ ਲਿਆਂਦੀ ਗਈ ਸੰਜੀਵਨੀ ਬੂਟੀ ਦੀ ਗੱਲ ਕੀਤੀ ਗਈ ਹੈ । ਬ੍ਰਾਜ਼ੀਲ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਐਂਟੀ-ਮਲੇਰੀਅਲ ਡਰੱਗ ਦੀ ਸਹਾਇਤਾ ਜਾਰੀ ਰੱਖੇ।
ਜ਼ਿਕਰਯੋਗ ਹੈ ਕਿ 7 ਅਪ੍ਰੈਲ ਨੂੰ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕੋਰੋਨਾ ਵਾਇਰਸ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਵਿੱਚ ਉਸਨੇ ਭਾਰਤ-ਬ੍ਰਾਜ਼ੀਲ ਦੋਸਤੀ ਦੀ ਗੱਲ ਕੀਤੀ ਸੀ । ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕਿਹਾ ਕਿ ਸੰਕਟ ਦੇ ਇਸ ਸਮੇਂ ਵਿਚ ਜਿਸ ਤਰ੍ਹਾਂ ਭਾਰਤ ਨੇ ਬ੍ਰਾਜ਼ੀਲ ਦੀ ਮਦਦ ਕੀਤੀ ਹੈ ਬਿਲਕੁਲ ਉਹੀ ਹੈ ਜਿਵੇਂ ਰਾਮ ਦੇ ਭਰਾ ਲਕਸ਼ਮਣ ਦੀ ਜਾਨ ਬਚਾਉਣ ਲਈ ਸੰਜੀਵਨੀ ਨੂੰ ਲਿਆ ਕੇ ਹਨੂੰਮਾਨ ਜੀ ਨੇ ਰਾਮਾਇਣ ਵਿੱਚ ਕੀਤੀ ਸੀ ।
ਇਸ ਤੋਂ ਇਲਾਵਾ ਬੋਲਸਨਾਰੋ ਨੇ ਆਪਣੀ ਚਿੱਠੀ ਵਿੱਚ ਕਿਹਾ ਕਿ ਉਨ੍ਹਾਂ ਦੇ ਦੇਸ਼ ਵਿੱਚ 2 ਲੈਬ ਹਨ ਜੋ ਕੋਰੋਨਾ ਦਾ ਟੀਕਾ ਬਣਾ ਰਹੀਆਂ ਹਨ ਪਰ ਉਹਨਾਂ ਦੀ ਸਪਲਾਈ ਪੂਰੀ ਤਰ੍ਹਾਂ ਨਾਲ ਭਾਰਤ ‘ਤੇ ਨਿਰਭਰ ਹੈ । ਅਜਿਹੇ ਵਿਚ ਭਾਰਤ ਤੋਂ ਲਗਾਤਾਰ ਮਦਦ ਦੀ ਆਸ ਹੈ । ਦੱਸ ਦੇਈਏ ਕਿ ਇਸ ਮੁੱਦੇ ‘ਤੇ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬਿਆਨ ਸਾਹਮਣੇ ਆਇਆ ਸੀ, ਜਿੱਥੇ ਉਸਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਈਡਰੋਕਸਾਈਕਲੋਰੋਕਿਨ ਸਪਲਾਈ ਕਰਨ ਦੀ ਭਾਰਤ ਦੀ ਮਨਜ਼ੂਰੀ ਲਈ ਪ੍ਰਸ਼ੰਸਾ ਕੀਤੀ ਸੀ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਮਹਾਨ ਹਨ, ਉਹ ਸ਼ਾਨਦਾਰ ਕੰਮ ਕਰ ਰਹੇ ਹਨ ।