ਬ੍ਰਾਜ਼ੀਲ ‘ਚ ਭਾਰਤ ਦੀ ਵੈਕਸੀਨ ਭਾਰਤ ਬਾਇਓਟੈੱਕ (Bharat Biotech) ਦੀ ਕੋਵੈਕਸੀਨ (Covaxin) ਦੀ ਖਰੀਦ ਸਬੰਧੀ ਮਚੇ ਤੂਫ਼ਾਨ ਦੌਰਾਨ ਉੱਥੋਂ ਦੀ ਸਰਕਾਰ ਨੇ ਕੋਵੈਕਸੀਨ ਦੇ ਨਾਲ ਡੀਲ ਮੁਲਤਵੀ ਕਰ ਦਿੱਤੀ ਹੈ। ਰਾਸ਼ਟਰਪਤੀ ਬੋਲਸੋਨਾਰੋ ਖਿਲਾਫ ਇਸ ਵੈਕਸੀਨ ਡੀਲ ‘ਚ ਬੇਨਿਯਮੀਆਂ ਦੇ ਦੋਸ਼ਾਂ ਦੀ ਜਾਂਚ ਦੌਰਾਨ ਬ੍ਰਾਜ਼ੀਲ ਦੇ ਸਿਹਤ ਮੰਤਰੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਦੀਆਂ 2 ਕਰੋੜ ਡੋਜ਼ ਖਰੀਦਣ ਲਈ 324 ਮਿਲੀਅਨ ਅਮਰੀਕੀ ਡਾਲਰ ਦੇ ਕਰਾਰ ਨੂੰ ਮੁਅੱਤਲ ਕਰਨ ਜਾ ਰਿਹਾ ਹੈ। ਸੰਘੀ ਕੰਟਰੋਲਰ ਜਨਰਲ (CGU) ਵੈਗਨਰ ਰੋਸਾਰੀਓ ਦੇ ਪ੍ਰਮੁੱਖ ਸਿਹਤ ਮੰਤਰੀ ਮਾਰਸੇਲੋ ਕਵੀਰੋਗਾ ਦੇ ਨਾਲ ਮੰਗਲਵਾਰ ਨੂੰ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਬ੍ਰਾਜ਼ੀਲ ਦੇ ਸਿਹਤ ਮੰਤਰੀ ਨੇ ਕਿਹਾ ਕਿ ਜਾਂਚ ਏਜੰਸੀ ਵੈਕਸੀਨ ਖਰੀਦ ਦੀ ਪ੍ਰਕਿਰਿਆ ਦੀ ਜਾਂਚ ਕਰੇਗੀ।
ਅਸਲ ਵਿਚ ਕੋਵੈਕਸੀਨ ਖਰੀਦ ਮਾਮਲੇ ‘ਚ ਬ੍ਰਾਜ਼ੀਲ ਦੀ ਬੋਲਸੋਨਾਰੋ ਸਰਕਾਰ ਉੱਚੀ ਕੀਮਤ ‘ਤੇ ਕੋਵੈਕਸੀਨ ਸੌਦਾ ਕਰਨ ਨੂੰ ਲੈ ਕੇ ਉਲਝਦੀ ਦਿਸ ਰਹੀ ਹੈ। ਵਿਵਾਦ ‘ਚ ਜਦੋਂ ਰਾਸ਼ਟਰਪਤੀ ਬੋਲਸੋਨਾਰੋ ‘ਤੇ ਸਵਾਲ ਉੱਠੇ ਤਾਂ ਉਨ੍ਹਾਂ ਨੂੰ ਸਾਹਮਣੇ ਆ ਕੇ ਸਫ਼ਾਈ ਦੇਣੀ ਪਈ, ਪਰ ਇਸ ਦੇ ਬਾਵਜੂਦ ਮਾਮਲਾ ਸ਼ਾਂਤ ਨਹੀਂ ਹੋਇਆ। ਬ੍ਰਾਜ਼ੀਲ ਦੇ ਇਕ ਸੈਨੇਟਰ ਨੇ ਬੋਲਸੋਨਾਰੋ ਖਿਲਾਫ ਸੁਪਰੀਮ ਕੋਰਟ ‘ਚ ਮੁਕੱਦਮਾ ਦਾਇਰ ਕੀਤਾ ਹੈ। ਇਸ ਮਾਮਲੇ ‘ਚ ਉਨ੍ਹਾਂ ‘ਤੇ ਵੈਕਸੀਨ ਖਰੀਦ ‘ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੀ ਮੰਗ ਕੀਤੀ ਗਈ ਹੈ।