Britain truck container ਲੰਡਨ: ਬੁੱਧਵਾਰ ਨੂੰ ਬ੍ਰਿਟਿਸ਼ ਪੁਲਿਸ ਵੱਲੋਂ 39 ਲਾਸ਼ਾਂ ਮਿਲਣ ਦਾ ਹੈਰਾਨੀਜਨਕ ਖੁਲਾਸਾ ਕੀਤਾ ਗਿਆ ਹੈ । ਇਸ ਮਾਮਲੇ ਵਿੱਚ ਪੁਲਿਸ ਨੇ ਅਸੈਕਸ ਇਲਾਕੇ ਵਿੱਚ ਇੱਕ ਲਾੜੀ ਕੰਟੇਨਰ ਵਿੱਚੋਂ 39 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ । ਜਿਸ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮੱਚ ਗਿਆ । ਪੁਲਿਸ ਨੇ ਲਾਰੀ ਡਰਾਈਵਰ ਨੂੰ ਉੱਤਰੀ ਆਇਰਲੈਂਡ ਤੋਂ ਗ੍ਰਿਫ਼ਤਾਰ ਕੀਤਾ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸੈਕਸ ਪੁਲਿਸ ਨੇ ਦੱਸਿਆ ਕਿ ਇਹ ਬਹੁਤ ਦੁਖਦਾਈ ਘਟਨਾ ਹੈ, ਜਿੱਥੇ 38 ਬਾਲਗਾਂ ਸਮੇਤ ਇਕ ਨਾਬਾਲਗ ਦੀ ਮੌਤ ਹੋਈ ਹੈ ।
ਉਨ੍ਹਾਂ ਨੇ ਦੱਸਿਆ ਕਿ ਲੰਡਨ ਵਿੱਚ ਘਟਨਾ ਵਾਲੀ ਥਾਂ ‘ਤੇ ਪਾਏ ਗਏ ਲੋਕਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਬੁੱਧਵਾਰ ਤੜਕਸਾਰ ਪੂਰਬੀ ਐਵੀਨਿਊ, ਗ੍ਰੇਸ ਵਿਚ ਵਾਟਰਗੇਡ ਇੰਡਸਟਰੀਅਲ ਪਾਰਕ ਵਿੱਚ ਲਾਸ਼ਾਂ ਮਿਲਣ ਤੋਂ ਬਾਅਦ ਤੁਰੰਤ ਐਂਬੂਲੈਂਸ ਨੂੰ ਫੋਨ ਕੀਤਾ ਗਿਆ ।
ਦੱਸ ਦੇਈਏ ਕਿ ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਲਾਰੀ ਕੰਟੇਨਰ ਬੁਲਗਾਰੀਆ ਤੋਂ ਆਇਆ ਸੀ ਤੇ ਉਸ ਨੇ ਸ਼ਨੀਵਾਰ ਨੂੰ ਹੌਲੀਹੈੱਡ ਰਾਹੀਂ ਦੇਸ਼ ਵਿੱਚ ਪ੍ਰਵੇਸ਼ ਕਰਨਾ ਸੀ । ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।