UK prime minister Boris Johnson: ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਕੋਵਿਡ-19 ਨੂੰ ਮਾਤ ਦੇਣ ਤੋਂ ਬਾਅਦ ਦੁਬਾਰਾ ਤੋਂ ਆਪਣਾ ਕੰਮ ਸੰਭਾਲਣ ਲਈ ਤਿਆਰ ਲੱਗ ਰਹੇ ਹਨ । ਮੰਨਿਆ ਜਾ ਰਿਹਾ ਹੈ ਕਿ ਉਹ ਜਲਦੀ ਹੀ 10 ਡਾਉਨਿੰਗ ਸਟ੍ਰੀਟ ਵਾਪਸ ਆਉਣਗੇ । ਜਿਸ ਬਾਰੇ ਕੈਬਨਿਟ ਅਤੇ ਸਰਕਾਰੀ ਸੂਤਰਾਂ ਵੱਲੋਂ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਗਈ । ਜ਼ਿਕਰਯੋਗ ਹੈ ਕਿ ਬੋਰਿਸ ਮਾਰਚ ਵਿੱਚ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ ਅਤੇ ਅਪ੍ਰੈਲ ਦੇ ਸ਼ੁਰੂ ਵਿੱਚ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ ਸੀ । ਉਨ੍ਹਾਂ ਦੇ ਬੀਮਾਰ ਹੋਣ ਕਾਰਨ ਵਿਦੇਸ਼ ਮੰਤਰੀ ਡੋਮਿਨਿਕ ਰਾਬ ਇਸ ਸਮੇਂ ਉਨ੍ਹਾਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ ।
ਇਸ ਸਬੰਧੀ ਬ੍ਰਿਟੇਨ ਦੇ ਇੱਕ ਅਖਬਾਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਜਾਨਸਨ ਅਗਲੇ ਸੋਮਵਾਰ ਤੋਂ ਕੰਮ ‘ਤੇ ਵਾਪਸ ਆ ਸਕਦੇ ਹਨ । ਇਸ ਦੇ ਨਾਲ ਹੀ ਕੈਬਨਿਟ ਦੇ ਇੱਕ ਸੀਨੀਅਰ ਮੰਤਰੀ ਨੇ ਕਿਹਾ ਕਿ ਪੂਰੇ ਸਮੇਂ ਲਈ ਪੀ. ਐੱਮ. ਕੰਮ ਤੇ ਕਦੋਂ ਆਉਣਗੇ ਇਸ ਬਾਰੇ ਅਜੇ ਕੋਈ ਤਰੀਕ ਨਿਸ਼ਚਿਤ ਨਹੀਂ ਕੀਤੀ ਗਈ ਹੈ । ਉੱਥੇ ਹੀ ਦੇਸ਼ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਨੀਵਾਰ ਹੀ ਪੀ. ਐੱਮ. ਜਾਨਸਨ ਨਾਲ ਗੱਲਬਾਤ ਕੀਤੀ ਸੀ ਤੇ ਹੁਣ ਉਹ ਖੁਸ਼ ਹਨ ਅਤੇ ਨਿਸ਼ਚਤ ਰੂਪ ਵਿੱਚ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ ।
ਹੈਨਕੌਕ ਅਨੁਸਾਰ ਜਾਨਸਨ ਕੰਮ ਤੇ ਵਾਪਸ ਕਦੋਂ ਪਰਤਣਗੇ ਇਸ ਬਾਰੇ ਕੁਝ ਪਤਾ ਨਹੀਂ ਹੈ । ਦੱਸ ਦੇਈਏ ਕਿ 55 ਸਾਲਾਂ ਜਾਨਸਨ ਨੂੰ ਕੋਰੋਨਾ ਵਾਇਰਸ ਤੋਂ ਠੀਕ ਹੋਣ ਤੋਂ ਬਾਅਦ 12 ਅਪ੍ਰੈਲ ਨੂੰ ਸੇਂਟ ਥਾਮਸ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ।