ਲੰਡਨ: ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਸ਼ਾਮਲ ਜੈਰੇਮੀ ਹੰਟ ਅਜੇ ਵੀ ਭਾਰਤੀ ਭੰਗ ਦੇ ਨਜ਼ਾਰੇ ਨਹੀਂ ਭੁੱਲੇ। ਉਨ੍ਹਾਂ ਨੇ ਖੁਦ ਖੁਲਾਸਾ ਕੀਤਾ ਹੈ ਕਿ ਭਾਰਤ ਦੀ ਫੇਰੀ ਮੌਕੇ ਉਨ੍ਹਾਂ ਭੰਗ ਵਾਲੀ ਲੱਸੀ ਪੀਤੀ ਸੀ। ਯੂਕੇ ਦੇ ਵਿਦੇਸ਼ ਸਕੱਤਰ ਜੈਰੇਮੀ ਹੰਟ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਬੋਰਿਸ ਜੌਹਨਸਨ ਨੂੰ ਬਰਾਬਰ ਦੀ ਟੱਕਰ ਦੇ ਰਹੇ ਹਨ।
ਲੰਡਨ ਵਿੱਚ ਟੈਲੀਵਿਜ਼ਨ ਇੰਟਰਵਿਊ ਦੌਰਾਨ ਹੰਟ ਨੂੰ ਜਦੋਂ ਉਨ੍ਹਾਂ ਦੇ ਸਭ ਤੋਂ ਸ਼ਰਾਰਤੀ ਕਾਰਵਾਈ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, ‘ਭਾਰਤ ਦੀ ਫੇਰੀ ਦੌਰਾਨ ਇੱਕ ਵਾਰੀ ਮੈਂ ਭੰਗ ਵਾਲੀ ਲੱਸੀ ਪੀਤੀ ਸੀ ਤੇ ਅੱਜ ਇਸ ਪ੍ਰੋਗਰਾਮ ਵਿੱਚ ਮੈਂ ਇਹ ਗੱਲ ਕਬੂਲ ਕਰਦਾ ਹਾਂ।’ ਉਨ੍ਹਾਂ ਦੇ ਇਸ ਖੁਲਾਸੇ ਮਗਰੋਂ ਸੋਸ਼ਲ ਮੀਡੀਆ ‘ਤੇ ਇਸ ਦੀ ਕਾਫੀ ਚਰਚਾ ਹੋ ਰਹੀ ਹੈ।
ਜੌਹਨਸਨ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦੇਣ ਵਾਲੇ ਹੰਟ ਨੇ ਕਿਹਾ ਕਿ ਦੋਵਾਂ ਉਮੀਦਵਾਰਾਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਏਜੰਡੇ ਬਾਰੇ ਸਪਸ਼ਟ ਕਰਨ। ਸਕਾਈ ਟੀਵੀ ਵੱਲੋਂ ਵਿਉਂਤੀ ਡਿਬੇਟ ਲਈ ਬੋਰਿਸ ਵੱਲੋਂ ਨਾਂਹ ਕੀਤੇ ਜਾਣ ਦਾ ਹਵਾਲਾ ਦਿੰਦਿਆਂ ਹੰਟ ਨੇ ਕਿਹਾ, ‘ਜਿੱਥੋਂ ਤਕ ਕਿਸੇ ਮੁੱਦੇ ’ਤੇ ਵਿਚਾਰ ਚਰਚਾ ਦੀ ਗੱਲ ਹੈ ਤਾਂ ਉਹ (ਬੋਰਿਸ) ਡਰਪੋਕ ਹੈ। ਇਸੇ ਬੁਜ਼ਦਿਲੀ ਕਰਕੇ ਉਹ ਆਹਮੋ ਸਾਹਮਣੀਆਂ ਡਿਬੇਟਾਂ ਵਿੱਚ ਸ਼ਾਮਲ ਹੋਣ ਤੋਂ ਡਰਦਾ ਹੈ।
ਉਨ੍ਹਾਂ ਕਿਹਾ ਕਿ ਲੋਕ ਜਾਣਨਾ ਚਾਹੁੰਦੇ ਹਨ ਕਿ ਤੁਸੀਂ ਅੱਗੇ ਕੀ ਕਰੋਗੇ ਤੇ ਤੁਹਾਨੂੰ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਹੋਵੇਗਾ। ਮੈਂ ਵਾਅਦਾ ਕਰਦਾ ਹਾਂ ਕਿ ਬੋਰਿਸ ਜੌਹਨਸਨ ਨੂੰ ਉਸ ਦੀ ਜ਼ਿੰਦਗੀ ਦਾ ਸਭ ਤੋਂ ਤਕੜਾ ਮੁਕਾਬਲਾ ਦੇਵਾਂਗਾ।