ਬ੍ਰਿਟੇਨ ਵਿਚ ਬੋਰਿਸ ਜੌਨਸਨ ਦੀ ਜਗ੍ਹਾ ਨਵੇਂ ਪ੍ਰਧਾਨ ਮੰਤਰੀ ਦੇ ਨਾਂ ਦਾ ਐਲਾਨ ਪੰਜ ਸਤੰਬਰ ਨੂੰ ਕੀਤਾ ਜਾਵੇਗਾ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੀ ਚੋਣ ਕਰਨ ਵਾਲੀ ਸੰਸਦੀ ਕਮੇਟੀ ਨੇ ਇਸ ਦੀ ਜਾਣਕਾਰੀ ਦਿੱਤੀ।
ਕੰਜ਼ਰਵੇਟਿਵ ਬੈਕਬੈਂਚ ਸੰਸਦ ਮੈਂਬਰਾਂ ਦੀ 1922 ਕਮੇਟੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਦੀ ਚੋਣ ਲਈ ਸਮਾਂ ਸਾਰਣੀ ਅਤੇ ਨਿਯਮ ਤੈਅ ਕਰ ਦਿੱਤੇ। ਚੋਣ ਲਈ ਨਾਮਜ਼ਦਗੀ ਪ੍ਰਕਿਰਿਆ ਮੰਗਲਵਾਰ ਨੂੰ ਸ਼ੁਰੂ ਹੋ ਕੇ ਇਸੇ ਦਿਨ ਸਮਾਪਤ ਹੋ ਜਾਵੇਗੀ। ਨਾਮਜ਼ਦਗੀ ਲਈ ਘੱਟ ਤੋਂ ਘੱਟ 20 ਹੋਰ ਸੰਸਦ ਮੈਂਬਰਾਂ ਦਾ ਸਮਰਥਨ ਜ਼ਰੂਰੀ ਹੈ। ਪੀਐੱਮ ਅਹੁਦੇ ਲਈ ਹੁਣ ਤਕ 11 ਲੋਕ ਆਪਣੀ ਦਾਅਵੇਦਾਰੀ ਦਾ ਐਲਾਨ ਕਰ ਚੁੱਕੇ ਹਨ। ਇਸ ਵਿਚ ਬੋਰਿਸ ਜੌਨਸਨ ਕੈਬਨਿਟ ਤੋਂ ਹਾਲ ਹੀ ਵਿਚ ਸਭ ਤੋਂ ਪਹਿਲਾਂ ਅਸਤੀਫ਼ਾ ਦੇਣ ਵਾਲੇ ਭਾਰਤੀ ਮੂਲ ਦੇ ਰਿਸ਼ੀ ਸੁਨਕ ਅਤੇ ਵਿਦੇਸ਼ ਮੰਤਰੀ ਲਿਜ਼ ਟਰਸ ਸ਼ਾਮਲ ਹਨ। 1922 ਕਮੇਟੀ ਦੇ ਪ੍ਰਧਾਨ ਗ੍ਰਾਹਮ ਬ੍ਰੈਡੀ ਨੇ ਕਿਹਾ, ਨਿਸ਼ਚਿਤ ਹੀ ਪੰਜ ਸਤੰਬਰ ਨੂੰ ਸਾਡੇ ਕੋਲ ਸਿੱਟਾ ਹੋਵੇਗਾ ਅਤੇ ਪਾਰਟੀ ਦੇ ਨਵੇਂ ਨੇਤਾ ਦਾ ਐਲਾਨ ਕਰ ਦਿੱਤਾ ਜਾਵੇਗਾ।